ਮੁਕੇਸ਼ ਕੁਮਾਰ
ਚੰਡੀਗੜ੍ਹ, 17 ਨਵੰਬਰ
ਨਗਰ ਨਿਗਮ ਦੀ ਰੋਡ ਕਮੇਟੀ ਦੀ ਅੱਜ ਹੋਈ ਮੀਟਿੰਗ ਦੌਰਾਨ ਲਗਪਗ 50 ਲੱਖ ਰੁਪਏ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿੱਤੀ ਗਈ। ਕੌਂਸਲਰ ਦਲੀਪ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਇੱਥੋਂ ਦੇ ਸੈਕਟਰ 23 ਅਤੇ 24 ਸਥਿਤ ਰਿਹਾਇਸ਼ੀ ਮਕਾਨਾਂ ਦੇ ਪਿੱਛੇ ਬੈਕ ਸਰਵਿਸ ਲੇਨ ਵਿੱਚ ਸੀਮਿੰਟ ਦਾ ਫਰਸ਼ ਬਣਾਉਣ ਲਈ ਅਨੁਮਾਨਿਤ ਖ਼ਰਚੇ 12 ਲੱਖ 40 ਹਜ਼ਾਰ ਰੁਪਏ ਨੂੰ ਪ੍ਰਵਾਨਗੀ ਦਿੱਤੀ।
ਇਸੇ ਤਰ੍ਹਾਂ ਮੀਟਿੰਗ ਦੌਰਾਨ ਇੱਥੇ ਪਿੰਡ ਰਾਏਪੁਰ ਕਲਾਂ ਵਿਚ ਪਸ਼ੂ ਜਨਮ ਨਿਯੰਤਰਨ ਕੇਂਦਰ ਵਿਚ ਲੀੜੀਂਦੇ ਕਾਰਜਾਂ ਨੂੰ ਲੈ ਕੇ ਪੇਸ਼ ਮਤੇ ’ਤੇ ਚਰਚਾ ਕੀਤੀ ਗਈ। ਚਰਚਾ ਤੋਂ ਬਾਅਦ ਕਮੇਟੀ ਮੈਂਬਰਾਂ ਨੇ ਇੱਥੇ ਪਿੰਡ ਰਾਏਪੁਰ ਕਲਾਂ ਵਿੱਚ ਰਸਤਾ ਉਪਲਬਧ ਕਰਵਾਉਣ ਲਈ ਲਗਪਗ 19 ਲੱਖ 93 ਹਜ਼ਾਰ ਰੁਪਏ ਦੇ ਅਨੁਮਾਨਤ ਖ਼ਰਚੇ ਨੂੰ ਪ੍ਰਵਾਨਗੀ ਦਿੱਤੀ। ਇਸੇ ਤਰ੍ਹਾਂ ਇੱਥੇ ਮਾਡਰਨ ਹਾਊਸਿੰਗ ਕੰਪਲੈਕਸ ਸੈੱਕਟਰ-13 ਮਨੀਮਾਜਰਾ ਸਥਿਤ ਕਮਿਊਨਿਟੀ ਸੈਂਟਰ ਦੀ ਵਿਸ਼ੇਸ਼ ਮੁਰੰਮਤ ਲਈ ਅਨੁਮਾਨਿਤ ਖ਼ਰਚੇ 3 ਲੱਖ 48 ਹਜ਼ਾਰ ਰੁਪਏ, ਪਿੰਡ ਧਨਾਸ ਸਥਿਤ ਆਂਗਣਵਾੜੀ ਅਤੇ ਸਰਕਾਰੀ ਸਕੂਲ ਦੇ ਸਾਹਮਣੇ ਪੇਵਰ ਬਲਾਕਾਂ ਅਤੇ ਪੀ/ਐਫ ਨਵੇਂ ਪੇਵਰ ਬਲਾਕਾਂ ਲਈ 13 ਲੱਖ 90 ਹਜ਼ਾਰ ਰੁਪਏ ਅਤੇ ਸੈਕਟਰ 33 ਵਿੱਚ ਲੋੜੀਂਦੇ ਕਾਰਜਾਂ ਲਈ ਸਾਢੇ ਚਾਰ ਲੱਖ ਰੁਪਏ ਦੇ ਅਨੁਮਾਨਤ ਖ਼ਰਚੇ ਨੂੰ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਦੌਰਾਨ ਕਮੇਟੀ ਦੇ ਮੈਂਬਰ ਕੌਂਸਲਰ ਅਨਿਲ ਕੁਮਾਰ ਦੂਬੇ, ਹਾਜੀ ਮੁਹੰਮਦ ਖੁਰਸ਼ੀਦ ਅਲੀ ਅਤੇ ਨਗਰ ਨਿਗਮ ਦੇ ਸਬੰਧਤ ਅਧਿਕਾਰੀ ਹਾਜ਼ਰ ਸਨ।