ਮੁਕੇਸ਼ ਕੁਮਾਰ
ਚੰਡੀਗੜ੍ਹ, 11 ਸਤੰਬਰ
ਚੰਡੀਗੜ੍ਹ ਨਗਰ ਨਿਗਮ ਦੀ ਨਵਨਿਯੁਕਤ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਗੂਗਲ ਫਾਰਮ ’ਤੇ ਰੋਜ਼ਾਨਾ ਆਪਣੇ ਕੰਮ ਦੀ ਪ੍ਰਗਤੀ ਬਾਰੇ ਤਸਵੀਰਾਂ ਸਮੇਤ ਰਿਪੋਰਟ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਇਹ ਫੈਸਲਾ ਫੀਲਡ ਸਟਾਫ ਨੂੰ ਸੌਂਪੇ ਗਏ ਕਾਰਜਾਂ ਦੀ ਸੌ ਫੀਸਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਨਾ ਸਿਰਫ ਰਿਕਾਰਡ ਨੂੰ ਸਾਂਭ ਕੇ ਰੱਖਣ ਵਿੱਚ ਮਦਦਗਾਰ ਸਾਬਤ ਹੋਵੇਗਾ ਬਲਕਿ ਕਾਰਜਾਂ ਦੀ ਪ੍ਰਗਤੀ ਬਾਰੇ ਰਿਪੋਰਟ ਅਤੇ ਫੀਲਡ ਸਟਾਫ ਤੋਂ ਜਵਾਬ ਪ੍ਰਾਪਤ ਕਰਨ ਵਿੱਚ ਵੀ ਸਹਾਈ ਸਿੱਧ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਰਿਪੋਰਟ ਲਈ ਭਰਿਆ ਜਾਣ ਵਾਲਾ ਗੂਗਲ ਫਾਰਮ ਬਹੁਤ ਸਰਲ ਹੈ ਅਤੇ ਸਬੰਧਤ ਸੀਨੀਅਰ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਧੀਨ ਸਟਾਫ ਨੂੰ ਸਿਖਲਾਈ ਦੇਣ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਫੀਲਡ ਸਟਾਫ ਨੂੰ ਫਾਰਮ ਭਰਨਾ ਲਾਜ਼ਮੀ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਕਾਰਜਾਂ ਦੀ ਪ੍ਰਗਤੀ ਆਪਣੇ ਆਪ ਇੱਕ ਡਰਾਫਟ ਦੇ ਰੂਪ ਵਿੱਚ ਸੇਵ ਹੋ ਜਾਵੇਗੀ। ਇਸ ਰਿਪੋਰਟ ਦੇ ਜਮ੍ਹਾਂ ਹੋਣ ਤੋਂ ਬਾਅਦ ਸੀਨੀਅਰ ਅਧਿਕਾਰੀ ਫੀਲਡ ਰਿਪੋਰਟਾਂ ਅਤੇ ਅਸਾਈਨਮੈਂਟਸ ਨੂੰ ਆਪਣੇ ਫ਼ੋਨ ’ਤੇ ਹੀ ਚੈੱਕ ਕਰ ਸਕਣਗੇ।
ਨਿਗਮ ਕਮਿਸ਼ਨਰ ਨੇ ਬਿਹਤਰ ਸਹੂਲਤਾਂ ਲਈ ਵਚਨਬੱਧਤਾ ਦੁਹਰਾਈ
ਨਿਗਮ ਕਮਿਸ਼ਨਰ ਸ਼੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਸਾਰੇ ਅਧਿਕਾਰੀਆਂ ਨੂੰ ਹਰੇਕ ਖੇਤਰ/ਸਾਈਟ ਦੇ ਨਿਰੀਖਣ/ਦੌਰੇ ਸਮੇਂ ਇਸ ਫਾਰਮ ਨੂੰ ਭਰਨ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਫਾਰਮ ਭਰਨ ਤੋਂ ਪਹਿਲਾਂ ਅਧਿਕਾਰੀਆਂ ਨੂੰ ਸਿਰਫ ਆਪਣੇ ਗੂਗਲ ਖਾਤੇ ਵਿੱਚ ਲੌਗ-ਇਨ ਕਰਨ ਦੀ ਜ਼ਰੂਰਤ ਹੈ ਅਤੇ ਕਾਰਜ ਦੀ ਪ੍ਰਗਤੀ ਦੀਆਂ ਤਸਵੀਰਾਂ ਗੂਗਲ ਫਾਰਮ ’ਤੇ ਅਪਲੋਡ ਕੀਤੀਆਂ ਜਾਣਗੀਆਂ। ਫੀਲਡ ਸਟਾਫ ਅਤੇ ਸਬੰਧਤ ਅਧਿਕਾਰੀਆਂ ਨੂੰ ਪ੍ਰਗਤੀ ਫਾਰਮ ਵਿੱਚ ਕੀਤੇ ਗਏ ਕਾਰਜਾਂ ਦੀਆਂ ‘ਪਹਿਲਾਂ’ ਅਤੇ ‘ਬਾਅਦ’ ਦੀਆਂ ਤਸਵੀਰਾਂ ਅਪਲੋਡ ਕਰਨੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਨਾਗਰਿਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਅਤੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਵਚਨਬੱਧ ਹੈ।
ਦਸਤਾਵੇਜ਼ਾਂ ਦੀਆਂ ਫੋਟੋਆਂ ਲੈਣ ਦੇ ਦੋਸ਼ ਹੇਠ ਮਿਲਖ ਵਿਭਾਗ ਦਾ ਜੇਈ ਮੁਅੱਤਲ
ਚੰਡੀਗੜ੍ਹ ਪ੍ਰਸ਼ਾਸਨ ਦੇ ਮਿਲਖ ਵਿਭਾਗ (ਅਸਟੇਟ ਆਫਿਸ) ਦੀ ਬਿਲਡਿੰਗ ਬ੍ਰਾਂਚ ਵਿੱਚ ਤਾਇਨਾਤ ਜੂਨੀਅਰ ਇੰਜਨੀਅਰ (ਸਿਵਲ) ਨਵਦੀਪ ਨੂੰ ਮੁਅੱਤਲ ਕਰ ਦਿੱਤਾ ਹੈ। ਉਸ ਨੂੰ ਚੀਫ ਇੰਜਨੀਅਰ-ਕਮ-ਸਪੈਸ਼ਲ ਸਕੱਤਰ (ਇੰਜਨੀਅਰਿੰਗ) ਦੇ ਦਫਤਰ ਵਿੱਚ ਗੁਪਤ ਅਤੇ ਸੰਵੇਦਨਸ਼ੀਲ ਫਾਈਲਾਂ ਦੇ ਦਸਤਾਵੇਜ਼ਾਂ ਦੀ ਮੋਬਾਈਲ ਰਾਹੀਂ ਫੋਟੋ ਖਿੱਚਣ ਦੇ ਦੋਸ਼ ਹੇਠ ਮੁਅੱਤਲ ਕੀਤਾ ਗਿਆ ਹੈ। ਨਵਦੀਪ ਫ਼ਿਲਹਾਲ ਮਿਲਖ ਵਿਭਾਗ ਦਫ਼ਤਰ ਦੀ ਬਿਲਡਿੰਗ ਬ੍ਰਾਂਚ ਵਿੱਚ ਤਾਇਨਾਤ ਸੀ। ਇਸ ਬ੍ਰਾਂਚ ਵਿੱਚ ਮਿਲਖ ਵਿਭਾਗ ਅਧੀਨ ਇਮਾਰਤਾਂ ਸਬੰਧੀ ਕਾਰਜਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਨਵਦੀਪ ਨੂੰ 8 ਸਤੰਬਰ ਨੂੰ ਸਰਕਾਰੀ ਦਸਤਾਵੇਜ਼ ਦੀਆਂ ਤਸਵੀਰਾਂ ਲੈਂਦੇ ਹੋਏ ਕਥਿਤ ਤੌਰ ’ਤੇ ਫੜਿਆ ਗਿਆ ਸੀ। ਉਸ ਦੀ ਇਹ ਕਰਤੂਤ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ ਸੀ ਜਿਸ ਕਾਰਨ ਉਸ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਆਦੇਸ਼ਾਂ ਦੀ ਕਾਪੀ ‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਹੈ। ਚੀਫ ਇੰਜੀਨੀਅਰ ਨੇ ਜੇਈ ਨਵਦੀਪ ਨੂੰ ਬਿਨਾਂ ਆਗਿਆ ਆਪਣਾ ਹੈੱਡਕੁਆਰਟਰ ਨਾ ਛੱਡਣ ਦੇ ਵੀ ਹੁਕਮ ਦਿੱਤੇ ਹੈ।