ਮੁਕੇਸ਼ ਕੁਮਾਰ
ਚੰਡੀਗੜ੍ਹ, 1 ਅਕਤੂਬਰ
ਖਾਲੀ ਖਜ਼ਾਨੇ ਨੂੰ ਭਰਨ ਲਈ ਤਰਲੋਮੱਛੀ ਹੋ ਰਹੀ ਚੰਡੀਗੜ੍ਹ ਨਿਗਮ ਦੇ ਅਧਿਕਾਰੀਆਂ ਵੱਲੋਂ ਕਮਾਈ ਦੇ ਸਰੋਤ ਵਧਾਉਣ ਲਈ ਜਲਦਬਾਜ਼ੀ ਵਿੱਚ ਫੈ਼ਸਲੇ ਕੀਤੇ ਜਾ ਰਹੇ ਹਨ। ਅਜਿਹੇ ਹੀ ਇੱਕ ਮਾਮਲੇ ਵਿੱਚ ਨਿਗਮ ਨੇ ਸੈਕਟਰ-23 ਸਥਿਤ ਸ਼ੈੱਡਾਂ ਦੇ ਵਧਾਏ ਗਏ ਕਿਰਾਏ ਵਸੂਲਣ ਲਈ ਮਾਰਕੀਟ ਦੇ ਦੁਕਾਨਦਾਰਾਂ ਨੂੰ ਨੋਟਿਸ ਭੇਜ ਦਿੱਤੇ ਹਨ, ਜਦਕਿ ਇਹ ਮਾਮਲਾ ਮੁੜ ਤੋਂ ਵਿਚਾਰ ਕਰਨ ਲਈ ਵਿੱਤ ਤੇ ਠੇਕਾ ਕਮੇਟੀ ਦੇ ਅੰਤਿਮ ਫੈ਼ਸਲੇ ਦੀ ਊਡੀਕ ਕਰ ਰਿਹਾ ਹੈ। ਨਿਗਮ ਵੱਲੋਂ ਨੋਟਿਸ ਮਿਲਣ ਮਗਰੋਂ ਦੁਕਾਨਦਾਰਾਂ ਡਰ ਵਿੱਚ ਹਨ। ਅਗਸਤ ਮਹੀਨੇ ਦੌਰਾਨ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਦੌਰਾਨ ਇਨ੍ਹਾਂ ਸ਼ੈੱਡਾਂ ਦੇ ਸੋਧੇ ਹੋਏ ਕਿਰਾਏ ਨੂੰ ਲੈ ਕੇ ਪੇਸ਼ ਮਤੇ ਨੂੰ ਪਾਸ ਕੀਤਾ ਗਿਆ ਸੀ, ਇਸ ਮੀਟਿੰਗ ਦੌਰਾਨ ਹੋਏ ਫੈ਼ਸਲਿਆਂ ਨੂੰ ਲੈ ਕੇ ਮੀਟਿੰਗ ਦੇ ਮਿਨਟਸ ਦਾ ਇੰਤਜਾਰ ਕੀਤੇ ਬਿਨਾਂ ਹੀ ਨਿਗਮ ਅਧਿਕਾਰੀਆਂ ਨੇ ਇਹ ਨੋਟਿਸ ਭੇਜੇ ਹਨ। ਦੁਕਾਨਦਾਰਾਂ ਦੇ ਵਿਰੋਧ ਮਗਰੋਂ ਨਿਗਮ ਦੇ ਕੌਂਸਲਰਾਂ ਸਮੇਤ ਚੰਡੀਗੜ੍ਹ ਭਾਜਪਾ ਪ੍ਰਧਾਨ ਅਰੁਣ ਸੂਦ ਨੇ ਵੀ ਇਸ ਮਸਲੇ ਨੂੰ ਮੁੜ ਵਿਚਾਰਨ ਦਾ ਫੈ਼ਸਲਾ ਕੀਤਾ ਸੀ। ਇਸ ਮਗਰੋਂ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਨਹੀਂ ਹੋ ਸਕੀ। ਸਥਾਨਕ ਮਾਰਕੀਟ ਐਸੋਸੀਏਸ਼ਨ ਦੇ ਚੇਅਰਮੈਨ ਜਗਮੋਹਨ ਵਿੱਜ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਨੋਟਿਸ ਭੇਜ ਕੇ 20,600 ਰੁਪਏ ਕਿਰਾਏ ਦਾ ਭੁਗਤਾਨ ਲਈ ਕਿਹਾ ਹੈ। ਨਿਗਮ ਨੇ ਇਹ ਕਿਰਾਇਆ ਪਿਛਲੇ ਬਕਾਏ ਸਮੇਤ ਇਸ ਮਹੀਨੇ ਦੀ ਸੱਤ ਤਰੀਕ ਤੱਕ ਨਿਗਮ ਕੋਲ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਅਰੁਣ ਸੂਦ ਨੇ ਕਿਹਾ ਕਿ ਉਹ ਦੁਕਾਨਦਾਰਾਂ ਦੇ ਸਮਰਥਨ ਵਿੱਚ ਖੜ੍ਹੇ ਹਨ। ਊਨ੍ਹਾਂ ਕਿਹਾ ਕਿ 14 ਰੁਪਏ ਤੋਂ 20 ਹਜ਼ਾਰ 600 ਰੁਪਏ ਪ੍ਰਤੀ ਮਹੀਨਾ ਕਿਰਾਇਆ ਵਧਾਉਣ ਦਾ ਫੈ਼ਸਲਾ ਬਿਲਕੁਲ ਗ਼ਲਤ ਹੈ।