ਮੁਕੇਸ਼ ਕੁਮਾਰ
ਚੰਡੀਗੜ੍ਹ, 17 ਨਵੰਬਰ
ਚੰਡੀਗੜ੍ਹ ਨਗਰ ਨਿਗਮ ਵੱਲੋਂ ਸਮਾਰਟ ਸਿਟੀ ਯੋਜਨਾ ਸਣੇ ਸਫ਼ਾਈ ਕਰਮਚਾਰੀਆਂ ਲਈ ਲਾਗੂ ਕੀਤੀ ਗਈ ਸਮਾਰਟ ਘੜੀ ਯੋਜਨਾ ਨੂੰ ਲੈ ਕੇ ਸਫ਼ਾਈ ਕਰਮਚਾਰੀਆਂ ਦੇ ਵਿਰੋਧ ਤੋਂ ਬਾਅਦ ਇਸ ਯੋਜਨਾ ਨੂੰ ਮੁੜ ਤੋਂ ਵਿਚਾਰਨ ਲਈ ਨਿਗਮ ਹਾਊਸ ਦੀ ਮੀਟਿੰਗ ਦੌਰਾਨ ਘੜੀਆਂ ਸਬੰਧੀ ਕਮੇਟੀ ਬਣਾ ਕੇ ਮੁੜ ਤੋਂ ਵਿਚਾਰ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਪਰ ਅੱਜ ਦੀ ਮੀਟਿੰਗ ਵਿੱਚ ਇਹ ਫੈ਼ੈਸਲਾ ਵਾਪਸ ਲੈਣ ਦੀ ਥਾਂ ਇਸ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ’ਤੇ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਇਸ ਯੋਜਨਾ ਨੂੰ ਮਜ਼ਬੂਤ ਕਰਨ ਲਈ ਮੋਬਾਈਲ ਐਪ ਲਾਂਚ ਕੀਤਾ ਗਿਆ। ਇਸ ਨਾਲ ਕਰਮਚਾਰੀਆਂ ਦੀ ਹਾਜ਼ਰੀ ਦਰਜ ਕੀਤੀ ਜਾਵੇਗੀ। ਘੜੀਆਂ ਉੱਤੇ ਲੱਗੇ ਜੀਪੀਐੱਸ ਸਿਸਟਮ ਨਾਲ ਇਹ ਐਪ ਕਰਮਚਾਰੀ ਦੀ ਟ੍ਰੈਕਿੰਗ ਕਰੇਗੀ। ਜ਼ਿਕਰਯੋਗ ਹੈ ਕਿ ਇਨ੍ਹਾਂ ਘੜੀਆਂ ਦਾ ਨਿਗਮ ਦੇ ਸਫ਼ਾਈ ਕਰਮਚਾਰੀ ਵਿਰੋਧ ਕਰ ਰਹੇ ਵਿੱਚ ਸਨ। ਪਿਛਲੇ ਮਹੀਨੇ ਸਫ਼ਾਈ ਕਰਮਚਾਰੀ ਅਣਮਿਥੇ ਸਮੇਂ ਦੀ ਕੰਮ ਛੋੜ ਹੜਤਾਲ ’ਤੇ ਚਲੇ ਗਏ ਸਨ। ਊਨ੍ਹਾਂ ਨੂੰ ਸਾਬਕਾ ਮੇਅਰ ਤੇ ਚੰਡੀਗੜ੍ਹ ਭਾਜਪਾ ਪ੍ਰਧਾਨ ਅਰੁਣ ਸੂਦ ਨੇ ਭਰੋਸਾ ਦਿੱਤਾ ਸੀ ਕਿ ਨਿਗਮ ਹਾਊਸ ਦੀ ਮੀਟਿੰਗ ਵਿੱਚ ਇਸ ਸਬੰਧੀ ਪ੍ਰਸਤਾਵ ਪੇਸ਼ ਕਰ ਕੇ ਘੜੀ ਯੋਜਨਾ ਨੂੰ ਵਾਪਸ ਲਿਆ ਜਾਵੇਗਾ। ਸੂਤਰਾਂ ਅਨੁਸਾਰ ਨਗਰ ਨਿਗਮ ਨੇ ਇਹ ਐਪ 15 ਨਵੰਬਰ ਨੂੰ ਹੀ ਲਾਂਚ ਕਰ ਦਿੱਤਾ ਸੀ ਪਰ ਕਮੇਟੀ ਨੂੰ ਅੱਜ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਗਈ। ਮੀਟਿੰਗ ਦੌਰਾਨ ਕਮੇਟੀ ਦੇ ਮੈਬਰਾਂ ਨੂੰ ਦੱਸਿਆ ਗਿਆ ਕਿ ਇਹ ਐਪ ਮੋਬਾਈਲ ਦੇ ਜ਼ਰੀਏ ਕਰਮਚਾਰੀਆਂ ਦੀ ਹਾਜ਼ਰੀ ਦਾ ਡੇਟਾ ਇਕੱਤਰ ਕਰੇਗਾ।
ਇਸ ਬਾਰੇ ਸਾਬਕਾ ਮੇਅਰ ਤੇ ਨਿਗਮ ਕੌਂਸਲਰ ਰਾਜੇਸ਼ ਕੁਮਾਰ ਕਾਲੀਆ ਨੇ ਕਿਹਾ ਕਿ ਨਿਗਮ ਦੀ ਸੈਨੀਟੇਸ਼ਨ ਕਮੇਟੀ ਨੂੰ ਵੀ ਐਪ ਲਾਂਚ ਦੀ ਸੂਚਨਾ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਨਿਗਮ ਹਾਊਸ ਦੀ ਆਉਣ ਵਾਲੀ ਮੀਟਿੰਗ ਵਿੱਚ ਚੁੱਕਣਗੇ।