ਮੁਕੇਸ਼ ਕੁਮਾਰ
ਚੰਡੀਗੜ੍ਹ, 29 ਜਨਵਰੀ
ਨਗਰ ਨਿਗਮ ਵੱਲੋਂ ਅੱਜ ਇੱਥੇ ਸੈਕਟਰ-38 ਸਥਿਤ ਰਾਣੀ ਲਕਸ਼ਮੀ ਬਾਈ ਮਹਿਲਾ ਭਵਨ ਵਿਚ ਸਵੱਛਤਾ ਮੁਹਿੰਮ ਤਹਿਤ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਦਾ ਸਨਮਾਨ ਕੀਤਾ ਗਿਆ। ‘ਸਵੱਛ ਪ੍ਰੇਰਕ ਸਮਾਗਮ’ ਦੌਰਾਨ ਨੌਂ ਵੈੱਲਫੇਅਰ ਐਸੋਸੀਏਸ਼ਨਾਂ ਤੇ ਵੱਖ-ਵੱਖ ਅਦਾਰਿਆਂ ਤੋਂ ਇਲਾਵਾ 14 ਲੋਕਾਂ ਨੇ ਸਨਮਾਨ ਹਾਸਲ ਕੀਤੇ। ਇਸ ਮੌਕੇ ਮੁੱਖ ਮਹਿਮਾਨ ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਹਰ ਸਾਲ ਸਵੱਛ ਸਰਵੇਖਣ ਤਹਿਤ ਲੋਕਾਂ ਦੀ ਭੂਮਿਕਾ ਯਕੀਨੀ ਬਣਾਉਣ ਲਈ ਨਿਵੇਕਲੇ ਢੰਗ ਨਾਲ ਡਿਜ਼ਾਈਨ ਕੀਤਾ ਜਾਂਦਾ ਹੈ।
ਮੇਅਰ ਨੇ ਜਾਣਕਾਰੀ ਦਿੱਤੀ ਕਿ ਕਿਵੇਂ ਸਵੱਛ ਸਰਵੇਖਣ ਲੋਕਾਂ ਦੀ ਸ਼ਮੂਲੀਅਤ ਨਾਲ ਇੱਕ ਅੰਦੋਲਨ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਸਰਵੇਖਣ ਦਾ ਆਗਾਮੀ ਐਡੀਸ਼ਨ ਬਿਹਤਰ ਤਕਨੀਕੀ ਦੀ ਸ਼ਮੂਲੀਅਤ, ਜਿਵੇਂ ਕਿ ਦਸਤਾਵੇਜ਼ਾਂ ਦੀ ਡਿਜੀਟਲ ਟਰੈਕਿੰਗ, ਸੈਨੀਟੇਸ਼ਨ ਦੀ ਜੀਓ-ਟੈਗਿੰਗ ਅਤੇ ਬਿਹਤਰ ਕਾਰਗੁਜ਼ਾਰੀ ਲਈ ਸਹੂਲਤਾਂ ਨਾਲ ਰਹਿੰਦ-ਖੂੰਹਦ ਪ੍ਰਬੰਧਨ ਅਤੇ ਕਿਊਆਰ ਕੋਡਿੰਗ ਦੀ ਸ਼ੁਰੂਆਤ ਕੀਤੀ ਜਾਵੇਗੀ। ਵੱਧ ਤੋਂ ਵੱਧ ਲੋਕਾਂ ਦੀ ਪਹੁੰਚ ਲਈ ਕੋਡ-ਆਧਾਰਿਤ ਫੀਡਬੈਕ ਦੀ ਵਿਵਸਥਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਮਹੱਤਵਪੂਰਨ ਅਤੇ ਪਰਿਵਰਤਨਸ਼ੀਲ ਪ੍ਰੋਗਰਾਮ ਹੈ। ਜ਼ਮੀਨੀ ਪੱਧਰ ’ਤੇ ਸਾਰੇ ਹਿੱਸੇਦਾਰਾਂ ਦੀ ਸ਼ਮੂਲੀਅਤ ਸਦਕਾ ਹੀ ਸਫ਼ਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਪਹਿਲਕਦਮੀਆਂ ਵਿੱਚ ਪੂਰੀ ਤਨਦੇਹੀ ਨਾਲ ਹਿੱਸਾ ਲੈਣ।
ਇਸ ਤੋਂ ਪਹਿਲਾਂ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਜੇਤੂਆਂ ਦਾ ਸਵਾਗਤ ਕੀਤਾ। ਸਮਾਗਮ ਦੌਰਾਨ ਸੀਨੀਅਰ ਡਿਪਟੀ ਮੇਅਰ ਦਲੀਪ ਸ਼ਰਮਾ ਅਤੇ ਡਿਪਟੀ ਮੇਅਰ ਅਨੂਪ ਗੁਪਤਾ ਸਣੇ ਹੋਰ ਕੌਂਸਲਰ, ਨਗਰ ਨਿਗਮ ਦੇ ਅਧਿਕਾਰੀ ਹਾਜ਼ਰ ਸਨ।