ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 12 ਦਸੰਬਰ
ਮੁਹਾਲੀ ਨਗਰ ਨਿਗਮ ਦੀਆਂ ਹੋਣ ਵਾਲੀਆਂ ਚੋਣਾਂ ਸਬੰਧੀ ਨਿਸ਼ਚਿਤ ਸਮੇਂ ਅੰਦਰ ਵੋਟਰ ਸੂਚੀਆਂ ਬਾਰੇ ਕੋਈ ਜਨਕ ਸੂਚਨਾ ਪ੍ਰਕਾਸ਼ਿਤ ਨਾ ਕਰਨ ਦੇ ਮਾਮਲੇ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਂਸਲਰਾਂ ਅਤੇ ਚੋਣ ਲੜਨ ਦੇ ਚਾਹਵਾਨ ਵੱਖ-ਵੱਖ ਸੰਭਾਵੀ ਉਮੀਦਵਾਰਾਂ ਨੇ ਨਗਰ ਨਿਗਮ ਦਫ਼ਤਰ ਪਹੁੰਚ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਨਿਯਮਾਂ ਦੀਆਂ ਧੱਜੀਆਂ ਉਡਾਣ ਦਾ ਦੋਸ਼ ਲਾਇਆ। ਜਾਣਕਾਰੀ ਅਨੁਸਾਰ ਵੋਟਰ ਲਿਸਟਾਂ ਬਾਰੇ ਪਤਾ ਕਰਨ ਲਈ ਅੱਜ ਕਈ ਸਾਬਕਾ ਕੌਂਸਲਰ ਨਗਰ ਨਿਗਮ ਦਫ਼ਤਰ ਪਹੁੰਚੇ ਤਾਂ ਉੱਥੇ ਕੋਈ ਅਜਿਹੀ ਸੂਚਨਾ ਨਹੀਂ ਮਿਲੀ। ਬਾਅਦ ਵਿੱਚ ਜ਼ਿਲ੍ਹਾ ਯੂਥ ਅਕਾਲੀ ਦਲ (ਸ਼ਹਿਰੀ) ਦੇ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ, ਜ਼ਿਲ੍ਹਾ ਇਸਤਰੀ ਅਕਾਲੀ ਦਲ ਪ੍ਰਧਾਨ ਕੁਲਦੀਪ ਕੌਰ ਕੰਗ ਤੇ ਹੋਰਨਾਂ ਨੇਨਿਗਮ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕਰਦਿਆਂ ਹੁਕਮਰਾਨਾਂ ਅਤੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਸ਼ਹਿ ’ਤੇ ਅਧਿਕਾਰੀ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਮਨਮਾਨੀ ਕਰ ਰਹੇ ਹਨ।
ਅਕਾਲੀ ਆਗੂਆਂ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵੱਲੋਂ ਨਗਰ ਨਿਗਮ ਦੀਆਂ ਚੋਣਾਂ ਸਬੰਧੀ ਵੋਟਰ ਸੂਚੀਆਂ ਪ੍ਰਕਾਸ਼ਿਤ ਕਰਨ ਦੀ ਅੰਤਿਮ ਤਰੀਕ 10 ਦਸੰਬਰ ਨਿਰਧਾਰਿਤ ਕੀਤੀ ਗਈ ਸੀ ਅਤੇ ਐੱਸਡੀਐੱਮ ਵੱਲੋਂ ਵੋਟਰ ਸੂਚੀਆਂ ਸਬੰਧੀ ਜਨਤਕ ਸੂਚਨਾ ਨਿਗਮ ਦਫ਼ਤਰ ਵਿੱਚ ਨੋਟਿਸ ਬੋਰਡ ’ਤੇ ਚਿਪਕਾਈ ਜਾਣੀ ਸੀ। ਨਿਗਮ ਕਮਿਸ਼ਨਰ ਡਾ. ਕਮਲ ਗਰਗ ਨੇ ਸਪੱਸ਼ਟ ਕੀਤਾ ਕਿ ਵੋਟਰ ਸੂਚੀਆਂ ਬਾਰੇ ਜਾਣਕਾਰੀ ਜਨਤਕ ਕਰਨ ਦੀ ਜ਼ਿੰਮੇਵਾਰੀ ਸਿਵਲ ਪ੍ਰਸ਼ਾਸਨ ਦੀ ਹੈ ਅਤੇ ਸ਼ੁੱਕਰਵਾਰ ਸ਼ਾਮ ਤੱਕ ਐਸਡੀਐਮ ਦਫ਼ਤਰ ਵੱਲੋਂ ਅਜਿਹੀ ਕੋਈ ਸੂਚਨਾ ਨਗਰ ਨਿਗਮ ਦਫ਼ਤਰ ਵਿੱਚ ਨਹੀਂ ਭੇਜੀ ਗਈ ਸੀ। ਐੱਸਡੀਐੱਮ ਜਗਦੀਪ ਸਹਿਗਲ ਨੇ ਦੱਸਿਆ ਕਿ ਨਵੀਂ ਵਾਰਡਬੰਦੀ ਵਿੱਚ ਸ਼ਾਮਲ ਰਕਬੇ ਅਧੀਨ ਆਉਂਦੇ ਘਰਾਂ ਦੀ ਜਾਣਕਾਰੀ ਪਹਿਲਾਂ ਹੀ ਪ੍ਰਕਾਸ਼ਿਤ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੀ ਕਾਰਵਾਈ ਵੀ ਜਲਦੀ ਨੇਪਰੇ ਚਾੜ ਕੇ ਵੋਟਰ ਸੂਚੀਆਂ ਬਾਰੇ ਜਾਣਕਾਰੀ ਜਨਤਕ ਕਰ ਦਿੱਤੀ ਜਾਵੇਗੀ।