ਆਤਿਸ਼ ਗੁਪਤਾ/ਕੁਲਦੀਪ ਸਿੰੰਘ
ਚੰਡੀਗੜ੍ਹ, 17 ਨਵੰਬਰ
ਨਿਗਮ ਚੋਣਾਂ ਦੇ ਨਜ਼ਦੀਕ ਆਉਣ ਦੇ ਨਾਲ-ਨਾਲ ਸਾਰੀਆਂ ਸਿਆਸੀ ਧਿਰਾਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਕਾਂਗਰਸ, ‘ਆਪ’ ਅਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਵੱਲੋਂ ਲੋਕਾਂ ਨਾਲ ਵਿਕਾਸ ਦੇ ਨਾਂ ’ਤੇ ਵੱਡੇ-ਵੱਡੇ ਵਾਅਦੇ ਕੀਤਾ ਜਾ ਰਹੇ ਹਨ। ਨਿਗਮ ਚੋਣਾਂ ਦੌਰਾਨ ਭਾਜਪਾ ਨੂੰ ਇਸ ਵਾਰੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਨੇ ਨਿਗਮ ਚੋਣਾਂ ਦੌਰਾਨ ਭਾਜਪਾ ਦੇ ਵਿਰੋਧ ਦਾ ਐਲਾਨ ਕਰ ਦਿੱਤਾ ਹੈ।
ਪੇਂਡੂ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ’ਚ ਭਾਜਪਾ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਉਸੇ ਸੱਦੇ ਤਹਿਤ ਨਿਗਮ ਚੋਣਾਂ ਵਿੱਚ ਵੀ ਭਾਜਪਾ ਉਮੀਦਵਾਰਾਂ ਦਾ ਬਾਈਕਾਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਘਰਸ਼ ਕਮੇਟੀ ਦੀ ਟੀਮ ਚੰਡੀਗੜ੍ਹ ਦੇ ਵੱਖ-ਵੱਖ ਪਿੰਡਾਂ ਤੱਕ ਪਹੁੰਚ ਕਰਕੇ ਲੋਕਾਂ ਨੂੰ ਭਾਜਪਾ ਦੇ ਉਲਟ ਵੋਟ ਪਾਉਣ ਦੀ ਅਪੀਲ ਕਰਨਗੀਆਂ। ਭਾਜਪਾ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਖੁੱਡਾ ਜੱਸੂ ਤੋਂ ਕੀਤੀ ਗਈ। ਗੁਰਪ੍ਰੀਤ ਸਿੰਘ ਸੋਮਲ ਨੇ ਕਿਹਾ ਕਿ ਪੇਂਡੂ ਸੰਘਰਸ਼ ਕਮੇਟੀ ਕਿਸੇ ਵੀ ਰਾਜਸੀ ਪਾਰਟੀ ਦਾ ਸਮਰਥਨ ਨਹੀਂ ਕਰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਨੂੰ ਛੱਡ ਕਿਸੇ ਵੀ ਉਮੀਦਵਾਰ ਨੂੰ ਵੋਟ ਪਾ ਸਕਦੇ ਹਨ। ਇਹ ਮੁਹਿੰਮ ਨਿਗਮ ਚੋਣਾਂ ਤੱਕ ਪਿੰਡਾ ਅਤੇ ਸ਼ਹਿਰੀ ਖੇਤਰ ਵਿੱਚ ਚਲਾਈ ਜਾਵੇਗੀ। ਨੌਜਵਾਨ ਕਿਸਾਨ ਏਕਤਾ ਚੰਡੀਗੜ੍ਹ ਦੇ ਪ੍ਰਧਾਨ ਕ੍ਰਿਪਾਲ ਸਿੰਘ ਸੈਣੀ ਨੇ ਵੀ ਕਿਹਾ ਕਿ ਨਿਗਮ ਚੋਣਾਂ ’ਚ ਉਨ੍ਹਾਂ ਦੀ ਜਥੇਬੰਦੀ ਭਾਜਪਾ ਦਾ ਬਾਈਕਾਟ ਕਰੇਗੀ। ਇਸ ਲਈ ਮੀਟਿੰਗ ਕਰ ਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।