ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 25 ਅਗਸਤ
ਨਗਰ ਨਿਗਮ ਕਮਿਸ਼ਨਰ ਵਲੋਂ ਅੱਜ ਸਵੇਰ ਇਥੇ ਡੱਡੂ ਮਾਜਰਾ ਇਲਾਕੇ ਦਾ ਦੌਰਾ ਕੀਤਾ ਗਿਆ। ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਇਲਾਕਾ ਕੌਂਸਲਰ ਕੁਲਦੀਪ ਕੁਮਾਰ ਨਾਲ ਪਿੰਡ ਡੱਡੂਮਾਜਰਾ ਦਾ ਦੌਰਾ ਕੀਤਾ ਅਤੇ ਇਲਾਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਇਥੋਂ ਦੇ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਕਮਿਸ਼ਨਰ ਨੇ ਇਲਾਕੇ ਵਿੱਚ ਗੈਰਕਾਨੂੰਨੀ ਕਬਜ਼ਿਆਂ, ਲਾਵਾਰਿਸ ਪਸ਼ੂਆਂ, ਸਟਰੀਟ ਲਾਈਟਾਂ ਦੀ ਮਾੜੀ ਵਿਵਸਥਾ, ਡੰਪਿੰਗ ਗਰਾਊਂਡ ਦੇ ਫੈਲੇ ਹੋਏ ਕੁੜੇ, ਸਿਵਰੇਜ ਲੀਕੇਜ ਅਤੇ ਪਾਰਕਾਂ ਦੀ ਸਮੱਸਿਆ ਦਾ ਸਖ਼ਤ ਨੋਟਿਸ ਲਿਆ। ਉਨ੍ਹਾਂ ਮੌਕੇ ’ਤੇ ਹਾਜ਼ਰ ਨਿਗਮ ਦੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਸਮੱਸਿਆਵਾਂ ਬਾਰੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਦੌਰੇ ਦੌਰਾਨ ਕਮਿਸ਼ਨਰ ਨੇ ਪਿੰਡ ਵਿੱਚ ਜਨਤਕ ਥਾਵਾਂ ’ਤੇ ਗੈਰਕਾਨੂੰਨੀ ਰੇਹੜੀ ਫੜ੍ਹੀਆਂ ਅਤੇ ਦੁਕਾਨਾਂ ਵਾਲਿਆਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਇਥੇ ਕਮਿਊਨਿਟੀ ਸੈਂਟਰ, ਪਾਰਕ/ਗਰੀਨ ਬੈਲਟ ਅਤੇ ਖੁੱਲ੍ਹੀ ਜ਼ਮੀਨ ਲਈ ਐਕੁਆਇਰ ਕੀਤੀ ਜ਼ਮੀਨ ਦੀ ਮਾਲਕੀ ਦੀ ਜਾਂਚ ਕਰਕੇ ਪੁਸ਼ਟੀ ਕਰਨ ਲਈ ਨਿਰਦੇਸ਼ ਦਿੱਤੇ। ਕਮਿਸ਼ਨਰ ਨੇ ਐੱਸਈ ਬਿਜਲੀ ਵਿਭਾਗ ਨੂੰ ਗੈਰ-ਕਾਰਜਸ਼ੀਲ ਸਟਰੀਟ ਲਾਈਟਾਂ ਨੂੰ ਬਦਲਣ ਦੇ ਨਿਰਦੇਸ਼ ਦਿੱਤੇ।