ਮੁਕੇਸ਼ ਕੁਮਾਰ
ਚੰਡੀਗੜ੍ਹ, 13 ਅਪਰੈਲ
ਚੰਡੀਗੜ੍ਹ ਸ਼ਹਿਰ ਦੀ ਸਵੱਛ ਸਰਵੇਖਣ ਵਿੱਚ ਰੈਂਕਿੰਗ ਸੁਧਾਰਨ ਲਈ ਨਗਰ ਨਿਗਮ ਪੱਬਾਂ ਭਾਰ ਹੈ। ਸ਼ਹਿਰ ਵਿੱਚ ਘਰੇਲੂ ਰਸੋਈ ਦੀ ਰਹਿੰਦ-ਖੂੰਹਦ ਦੇ ਨਬਿੇੜੇ ਲਈ ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ ‘ਹੋਮ ਕੰਪੋਸਟਿੰਗ’ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਵੀ ਮੁਹਿੰਮ ਚਲਾਈ ਜਾ ਰਹੀ ਹੈ। ਨਗਰ ਨਿਗਮ ਆਪਣੇ ਪੱਧਰ ’ਤੇ ਵੀ ਕੂੜੇ ਦੇ ਨਬਿੇੜੇ ਲਈ ਨਵੀਂ ਨਵੀਂ ਟੈਕਨਾਲੋਜੀ ਦਾ ਸਹਾਰਾ ਲੈ ਰਿਹਾ ਹੈ। ਜਾਣਕਾਰੀ ਅਨੁਸਾਰ ਨਿਗਮ ਵੱਲੋਂ ਲਗਪਗ 3 ਕਰੋੜ ਰੁਪਏ ਦੀ ਮਸ਼ੀਨਰੀ ਤੇ ਹੋਰ ਸਮੱਗਰੀ ਖਰੀਦੀ ਜਾ ਰਹੀ ਹੈ। ਇਸ ਦੇ ਨਾਲ ਨਿਗਮ ਦੇ ਸਫਾਈ ਕਰਮੀਆਂ ਨੂੰ ਕੂੜਾ ਚੁੱਕਣ ਵਿੱਚ ਸਹੂਲਤ ਮਿਲੇਗੀ।
ਜ਼ਿਕਰਯੋਗ ਹੈ ਕਿ ਸਾਲ 2021 ਵਿੱਚ ਦੇਸ਼ ਭਰ ਦੇ 4320 ਸ਼ਹਿਰਾਂ ਵਿੱਚ ਕਰਵਾਏ ਗਏ ਸਵੱਛ ਸਰਵੇਖਣ ਮੁਕਾਬਲਿਆਂ ਵਿੱਚ ਚੰਡੀਗੜ੍ਹ ਪਛੜ ਕੇ 66ਵੇਂ ਰੈਂਕ ’ਤੇ ਆਇਆ ਸੀ। ਇਸ ਕਾਰਨ ਨਿਗਮ ਪ੍ਰਸ਼ਾਸਨ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਅਹੁਦਾ ਸੰਭਾਲਦਿਆਂ ਹੀ ਸ਼ਹਿਰ ਵਿੱਚ ਸਫਾਈ ਨੂੰ ਲੈ ਕੇ ਕੰਮ ਸ਼ੁਰੂ ਕਰਵਾਏ। ਨਗਰ ਨਿਗਮ ਵੱਲੋਂ ਸ਼ਹਿਰ ਵਿੱਚ 100 ਫ਼ੀਸਦ ਡੋਰ-ਟੂ-ਡੋਰ ਗਾਰਬੇਜ ਕੁਲੈਕਸ਼ਨ ਅਤੇ ਸਰੋਤ ਪੱਧਰ ਤੋਂ ਹੀ ਸੁੱਕੇ ਤੇ ਗਿੱਲੇ ਕੂੜੇ ਦੇ ਵੱਖੋ ਵੱਖਰਾ ਕਰਨ ਦੀ ਯੋਜਨਾ ਨੂੰ ਵੀ ਠੋਸ ਢੰਗ ਨਾਲ ਲਾਗੂ ਕਰਨ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਸ਼ਹਿਰ ਦੀ ਸਫਾਈ ਲਈ ਨਗਰ ਨਿਗਮ ਵੱਲੋਂ ਖਰੀਦੀ ਜਾ ਰਹੀ ਮਸ਼ੀਨਰੀ ਅਤੇ ਸਮੱਗਰੀ ਵਿੱਚ 50 ਹੱਥ ਵਾਲੀਆਂ ਰੇਹੜੀਆਂ, ਪਹੀਆਂ ਵਾਲੀਆਂ 300 ਰੇਹੜੀਆਂ, ਪਹੀਆਂ ਵਾਲੇ 100 ਕੂੜੇ ਦਾਨ, 5 ਕੰਪੈਕਟਰਸ ਅਤੇ 1 ਗਾਰਬੇਜ ਵਲਨਰੇਬਲ ਪੁਆਇੰਟਸ (ਜੀਵੀਪੀ) ਸੰਕਸ਼ਨ ਮਸ਼ੀਨ ਸ਼ਾਮਲ ਹੈ। ਇਸ ਤੋਂ ਇਲਾਵਾ 20 ਟਰੈਕਟਰ-ਟਰਾਲੀਆਂ ਵੀ ਖਰੀਦਣ ਦੀ ਯੋਜਨਾ ਹੈ।
ਨਗਰ ਨਿਗਮ ਦੇ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਸਫਾਈ ਕਰਮੀਆਂ ਨੂੰ ਸੜਕਾਂ ਤੋਂ ਕੂੜਾ ਸਾਫ਼ ਕਰਨ ਅਤੇ ਚੁੱਕਣ ਲਈ ਪਹੀਏ ਵਾਲੇ ਕੂੜੇ ਦਾਨ ਉਪਲਬਧ ਕਰਵਾਏ ਜਾਣਗੇ ਜਿਸ ਨਾਲ ਕੂੜਾ ਇਕੱਤਰ ਕਰਨ ਵਿੱਚ ਸੌਖ ਹੋਵੇਗੀ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਸ਼ਹਿਰ ਵਿੱਚ ਮਸ਼ੀਨਾਂ ਤੇ ਹੋਰ ਸਾਮਾਨ ਦੀ ਖਰੀਦ ‘ਜੈਮ’ ਪੋਰਟਲ ਰਾਹੀਂ ਕਰੇਗੀ। ਕੰਪੈਕਟਰ ਨਾਲ ਸੁੱਕਾ ਅਤੇ ਗਿੱਲਾ ਕੂੜਾ ਚੁੱਕਿਆ ਜਾਵੇਗਾ। ਇਸ ਮਸ਼ੀਨ ਰਾਹੀਂ ਕੂੜਾ ਚੁੱਕਣ ਵਾਲੀ ਥਾਂ ’ਤੇ ਹੀ ਕੂੜੇ ਨੂੰ ਪ੍ਰੈਸ ਕਰ ਦੇਵੇਗਾ। ਅਜਿਹੇ ਵਿੱਚ 3 ਤੋਂ 4 ਟਨ ਕੂੜਾ ਇੱਕ ਹੀ ਵਾਰੀ ਵਿੱਚ ਚੁੱਕਿਆ ਜਾ ਸਕੇਗਾ। ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਵਿੱਚ ਅਜਿਹੇ 48 ਪੁਆਇੰਟਾਂ ਦੀ ਨਿਸ਼ਾਨਦੇਹੀ ਕੀਤੀ ਹੈ, ਜਿੱਥੇ ਲੋਕ ਖੁੱਲ੍ਹੇ ਵਿੱਚ ਕੂੜਾ ਸੁੱਟਦੇ ਹਨ। ਇਨ੍ਹਾਂ ਵਿੱਚ ਮੌਲੀ ਜਾਗਰਾਂ, ਮਨੀ ਮਾਜਰਾ, ਬੁੜੈਲ ਅਤੇ ਇੰਡਸਟਰੀਅਲ ਏਰੀਆ ਸ਼ਾਮਲ ਹਨ।
ਕਮਿਸ਼ਨਰ ਨੇ ਸਵੱਛ ਭਾਰਤ ਸਰਵੇਖਣ ਲਈ ਸੁਝਾਅ ਮੰਗੇ
ਨਗਰ ਨਿਗਮ ਦੇ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਸਵੱਛ ਸਰਵੇਖਣ ਤਹਿਤ ਲਈ ਜਾ ਰਹੀ ‘ਸਿਟੀਜ਼ਨ ਫੀਡਬੈਕ’ ਦੇ ਮਾਮਲੇ ਵਿੱਚ ਚੰਡੀਗੜ੍ਹ ਫਿਲਹਾਲ ਦੇਸ਼ ਵਿੱਚ ਛੇਵੇਂ ਨੰਬਰ ’ਤੇ ਹੈ ਜਦੋਂ ਕਿ ਵਿਸ਼ਾਖਾਪਟਨਮ ਸ਼ਹਿਰ ਪਹਿਲੇ ਨੰਬਰ ’ਤੇ ਹੈ। ਕਮਿਸ਼ਨਰ ਨੇ ਦੱਸਿਆ ਕਿ ਨਿਗਮ ਵੱਲੋਂ ਸਵੱਛ ਭਾਰਤ ਸਰਵੇਖਣ ਨੂੰ ਲੈ ਕੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਆਪਣੇ ਸੁਝਾਅ ਨਿਗਮ ਨੂੰ ਦੇਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਲੋਕ 15 ਅਪਰੈਲ ਤੱਕ ਆਪਣੇ ਸੁਝਾਅ ਦੇ ਸਕਦੇ ਹਨ। ਸਵੱਛ ਭਾਰਤ ਅਭਿਆਨ ਤਹਿਤ ਹਰ ਇੱਕ ਸ਼ਹਿਰ ਨੂੰ 7500 ਅੰਕ ਮਿਲਣੇ ਹਨ। ਇਨ੍ਹਾਂ ਵਿੱਚ ਸਿਟੀਜ਼ਨ ਫੀਡਬੈਕ ਦੇ 2250 ਅੰਕ ਹਨ। ਨਗਰ ਨਿਗਮ ਨੇ ਸ਼ਹਿਰ ਵਿੱਚ ਆਪਣੇ ਜਨਤਕ ਪਖਾਨਿਆਂ ’ਤੇ ਵੀ ਫੀਡਬੈਕ ਦੇਣ ਲਈ ਬਾਰਕੋਡ ਲਗਾ ਦਿੱਤੇ ਹਨ। ਇਸ ਤੋਂ ਇਲਾਵਾ ਸ਼ਹਿਰ ਵਾਸੀ ਫੋਨ ਨੰਬਰ 1969 ’ਤੇ ਕਾਲ ਕਰ ਕੇ, ਸਵੱਛ ਸਰਵੇਖਣ ਪੋਰਟਲ ਅਤੇ ਸਫਾਈ ਐਪ ਰਾਹੀਂ ਵੀ ਆਪਣੇ ਸੁਝਾਅ ਦਿੱਤੇ ਜਾ ਸਕਦੇ ਹਨ। ਲੋਕਾਂ ਵੱਲੋਂ ਦਿੱਤੇ ਨਕਾਰਾਤਮਕ ਸੁਝਾਅ ਰੈਂਕਿੰਗ ਦੇ ਨੰਬਰ ਵੀ ਘੱਟ ਕਰੇਗਾ।