ਮੁਕੇਸ਼ ਕੁਮਾਰ
ਚੰਡੀਗੜ੍ਹ, 9 ਨਵੰਬਰ
ਚੰਡੀਗੜ੍ਹ ਨਗਰ ਨਿਗਮ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਸ਼ਹਿਰ ਵਿੱਚ ਹਾਕਮ ਧਿਰ ਭਾਜਪਾ ਵੱਲੋਂ ਆਪਣੇ ਕਾਰਜਕਾਲ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜਾਂ ਨੂੰ ਆਪਣੇ ਨਾਮ ਕਰਵਾਉਣ ਲਈ ਸ਼ਹਿਰ ਵਿੱਚ ਉਦਘਾਟਨਾਂ ਅਤੇ ਨੀਂਹ ਪੱਥਰ ਰੱਖਣ ਦਾ ਸਿਲਸਿਲਾ ਜਾਰੀ ਹੈ। ਦੂਜੇ ਪਾਸੇ ਵਿਰੋਧੀ ਧਿਰ ਦੀਆਂ ਪਾਰਟੀਆਂ ਨੂੰ ਇਹ ਉਦਘਾਟਨ ਅਤੇ ਨੀਂਹ ਪੱਥਰ ਹਜ਼ਮ ਨਹੀਂ ਹੋ ਰਹੇ। ਲੰਘੇ ਦਿਨਾਂ ਦੌਰਾਨ ਨਗਰ ਨਿਗਮ ਅਤੇ ਪ੍ਰਸ਼ਾਸਨ ਨਾਲ ਸਬੰਧਤ ਕਈਂ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ ਅਤੇ ਉਦਘਾਟਨ ਵੀ ਕੀਤੇ ਗਏ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਵਿੱਚ ਵੀ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਵੀ ਹੋਰ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦੀਆਂ ਤਿਆਰੀਆਂ ਹਨ। ਨਿਗਮ ਵੱਲੋਂ ਪਿਛਲੇ ਦਿਨਾਂ ਦੌਰਾਨ ਇੱਥੇ ਸੈਕਟਰ 45 ਵਿੱਚ ਸੀਵਰੇਜ ਪ੍ਰਣਾਲੀ ਮਜ਼ਬੂਤ ਕਰਨ, ਸੈਕਟਰ ਦੀਆਂ ਸੜਕਾਂ ਦੀ ਰੀਕਾਰਪੇਂਟਿੰਗ, ਮਨੀਮਾਜਰਾ ਦੀ ਇੰਦਰਾ ਕਲੋਨੀ ਵਿੱਚ ਨਵੀਂ ਤਿਆਰ ਕੀਤੀ ਗਈ ਗ੍ਰੀਨ ਬੈਲਟ, ਸੈਕਟਰ 45 ਵਿੱਚ ਕਮਿਊਨਿਟੀ ਸੈਂਟਰ ਦੀ ਨਵੀ ਇਮਾਰਤ ਬਣਾਉਣ, ਮੌਲੀ ਜੱਗਰਾਂ ਕਲੋਨੀ ਵਿੱਚ ਨਵੇਂ ਬਣਾਏ ਗਏ ਕਮਿਊਨਿਟੀ ਸੈਂਟਰ ਦਾ ਉਦਘਾਟਨ, ਸੈਕਟਰ 38 ਵਿੱਚ ਰਾਣੀ ਲਕਸ਼ਮੀ ਬਾਈ ਭਵਨ ਵਿੱਚ ਆਡੀਟੋਰੀਅਮ ਦਾ ਉਦਘਾਟਨ ਅਤੇ ਅੱਜ ਇੱਥੇ ਸੈਕਟਰ 26 ਸਥਿਤ ਬਾਪੂ ਧਾਮ ਕਲੋਨੀ ਵਿੱਚ ਮੁੜ ਤੋਂ ਤਿਆਰ ਕੀਤੀ ਗਈ ਗ੍ਰੀਨ ਬੈਲਟ ਦੇ ਉਦਘਾਟਨ ਨਾਲ ਇਹ ਸਿਲਸਿਲਾ ਜਾਰੀ ਹੈ।
ਸੂਤਰਾਂ ਅਨੁਸਾਰ ਸ਼ਹਿਰ ਵਿੱਚ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਲੱਗਣ ਵਾਲੇ ਚੋਣ ਜ਼ਾਬਤੇ ਤੋਂ ਪਹਿਲਾਂ ਨਿਗਮ ਵੱਲੋਂ ਸ਼ਹਿਰ ਵਿੱਚ ਹੋਰ ਕਈ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦੀ ਤਿਆਰੀ ਹੈ।
‘ਆਪ’ ਦੀ ਚੰਡੀਗੜ੍ਹ ਇਕਾਈ ਦੇ ਕਨਵੀਨਰ ਪ੍ਰੇਮ ਗਰਗ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਪਿਛਲੇ ਲੰਮੇ ਅਰਸੇ ਤੋਂ ਸ਼ਹਿਰ ਵਾਸੀਆਂ ਤੋਂ ਦੂਰ ਰਹਿਣ ਵਾਲੀ ਸੰਸਦ ਮੈਂਬਰ ਕਿਰਾਨ ਖੇਰ ਨੂੰ ਹੁਣ ਨਿਗਮ ਦੀਆਂ ਚੋਣਾਂ ਨੇੜੇ ਅਉਂਦੇ ਹੀ ਸ਼ਹਿਰ ਦੀ ਯਾਦ ਆਉਣ ਲੱਗ ਪਈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਭਾਜਪਾ ਦੇ ਧੋਖੇ ਵਿੱਚ ਨਹੀਂ ਆਉਣਗੇ। ਇਸੇ ਤਰ੍ਹਾਂ ਨਿਗਮ ਵਿੱਚ ਵਿਰੋਧੀ ਧਿਰ ਕਾਂਗਰਸ ਦੇ ਨੇਤਾ ਦਵਿੰਦਰ ਸਿੰਘ ਬਬਲਾ ਨੇ ਕਿਹਾ ਕਿ ਭਾਜਪਾ ਨੇ ਸ਼ਹਿਰ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਕੁਝ ਨਹੀਂ ਕੀਤਾ ਅਤੇ ਸ਼ਹਿਰ ਵਾਸੀਆਂ ਤੇ ਟੈਕਸਾਂ ਸਮੇਤ ਪਾਣੀ ਦੇ ਬਿੱਲਾਂ ਵਿੱਚ ਵਾਧਾ ਕਰਕੇ ਹੋਰ ਵਿੱਤੀ ਭਾਰ ਹੀ ਪਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਚੋਣਾਂ ਨੇੜੇ ਅਉਂਦੀਆਂ ਦੇਖ ਭਾਜਪਾ ਵੱਲੋਂ ਸ਼ਹਿਰ ਵਾਸੀਆਂ ਨੂੰ ਮੂੰਹ ਦਿਖਾਉਣ ਲਈ ਸ਼ਹਿਰ ਵਿੱਚ ਉਦਘਾਟਨਾਂ ਅਤੇ ਨੀਂਹ ਪੱਥਰ ਰੱਖਣ ਦੀ ਝੜੀ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਸਿਆਸੀ ਲਾਹਾ ਲੈਣ ਲਈ ਸ਼ਹਿਰ ਵਿੱਚ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਦੇ ਸਮਾਗਮ ਕੀਤੇ ਜਾ ਰਹੇ ਹਨ।
ਚੰਡੀਗੜ੍ਹ ਨਗਰ ਨਿਗਮ ਵੱਲੋਂ ਅੱਜ ਇੱਥੇ ਸੈਕਟਰ 26 ਸਥਿਤ ਬਾਪੂ ਧਾਮ ਕਲੋਨੀ ਦੀ ਗ੍ਰੀਨ ਬੈਲਟ ਨੂੰ ਨਵਾਂ ਰੂਪ ਦੇਣ ਤੋਂ ਬਾਅਦ ਜਨਤਾ ਦੇ ਹਵਾਲੇ ਕੀਤਾ ਗਿਆ। ਇਸ ਗ੍ਰੀਨ ਬੈਲਟ ਦਾ ਉਦਘਾਟਨ ਮੇਅਰ ਰਵੀ ਕਾਂਤ ਸ਼ਰਮਾ ਨੇ ਕੀਤਾ। ਇਸ ਮੌਕੇ ਇਲਾਕਾ ਕੌਂਸਲਰ ਦਲੀਪ ਕੁਮਾਰ ਸਮੇਤ ਨਗਰ ਨਿਗਮ ਦੇ ਬਾਗਵਾਨੀ ਵਿਭਾਗ ਦੇ ਐਸਈ ਕਿਸ਼ਨ ਪਾਲ ਸਿੰਘ ਅਤੇ ਐਕਸੀਅਨ ਜੰਗਸ਼ੇਰ ਸਿੰਘ ਸਮੇਤ ਨਿਗਮ ਦੇ ਹੋਰ ਸਬੰਧਤ ਅਧਿਕਾਰੀ ਅਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।