ਆਤਿਸ਼ ਗੁਪਤਾ
ਚੰਡੀਗੜ੍ਹ, 20 ਦਸੰਬਰ
ਚੰਡੀਗੜ੍ਹ ਨਗਰ ਨਿਗਮ ਲਈ ਵੋਟਾਂ ਵਾਲਾ ਦਿਨ ਨਜ਼ਦੀਕ ਆਉਣ ਦੇ ਨਾਲ-ਨਾਲ ਚੋਣ ਮੈਦਾਨ ਭੱਖ ਗਿਆ ਹੈ। ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਨੇ ਠੰਢ ਦੇ ਬਾਵਜੂਦ ਸਿਆਸੀ ਮਾਹੌਲ ਭਖਾ ਦਿੱਤਾ ਹੈ। ਇਸ ਦੇ ਨਾਲ ਹੀ ਵੱਖ ਵੱਖ ਰਾਜਾਂ ਤੋਂ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਇਥੇ ਪਹੁੰਚ ਰਹੇ ਹਨ। ਜੋ ਕਿ ਇਕ ਦੂਜੇ ’ਤੇ ਦੂਸ਼ਣਬਾਜ਼ੀ ਕਰ ਰਹੇ ਹਨ। ਅੱਜ ਕਾਂਗਰਸ ਪਾਰਟੀ ਤੋਂ ਘਨ੍ਹੱਈਆ ਕੁਮਾਰ, ਹਿਮਾਚਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਦੀਪ ਰਾਠੌਰ ਅਤੇ ਭਾਜਪਾ ਵੱਲੋਂ ਸੰਸਦ ਮੈਂਬਰ ਮਨੋਜ ਤਿਵਾੜੀ ਚੋਣ ਪ੍ਰਚਾਰ ਲਈ ਚੰਡੀਗੜ੍ਹ ਪਹੁੰਚੇ ਜਿਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਚੋਣ ਪ੍ਰਚਾਰ ਕੀਤਾ। ਸਾਰੇ ਸਿਆਸੀ ਆਗੂਆਂ ਵੱਲੋਂ ਚੰਡੀਗੜ੍ਹ ਨੂੰ ਤਰੱਕੀ ਦੇ ਰਾਹ ਲਿਜਾਉਣ ਦੇ ਦਮਗਜੇ ਮਾਰੇ ਜਾ ਰਹੇ ਹਨ। ਇਸ ਦੇ ਨਾਲ ਹੀ ਆਜ਼ਾਦ ਉਮੀਦਵਾਰਾਂ ਨੇ ਆਪੋ-ਆਪਣੇ ਹਲਕਿਆਂ ਵਿੱਚ ਚੋਣ ਮੈਦਾਨ ਭਖਾਇਆ ਹੋਇਆ ਹੈ। ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਹਰ ਹਥਕੰਡਾ ਵਰਤਿਆ ਜਾ ਰਿਹਾ ਹੈ। ਹਰਿਆਣਾ ਸਰਕਾਰ ਨੇ ਚੰਡੀਗੜ੍ਹ ’ਚ ਰਜਿਸਟਰਡ ਵੋਟਰਾਂ ਲਈ 24 ਦਸੰਬਰ ਨੂੰ ਸ਼ਾਰਟ ਲੀਵ ਦੀ ਇਜਾਜ਼ਤ ਦਿੱਤੀ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਨੇ 24 ਦਸੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੋਇਆ ਹੈ।