ਹਰਜੀਤ ਸਿੰਘ
ਜ਼ੀਰਕਪੁਰ, 19 ਅਪਰੈਲ
ਨਗਰ ਕੌਂਸਲ ਦੇ ਨਵੇਂ ਚੁਣੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਵੱਲੋਂ ਅੱਜ ਆਪਣਾ ਅਹੁਦਾ ਸੰਭਾਲ ਲਿਆ ਗਿਆ। ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮਾਲ ਵਿਭਾਗ ਦੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਨਗਰ ਨਿਗਮ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਸ਼ਾਮਲ ਹੋਏ। ਉਦੈਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਕੌਂਸਲ ’ਤੇ 21 ਸਾਲਾਂ ਤੋਂ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਦਾ ਕਬਜ਼ਾ ਰਿਹਾ ਹੈ ਜਿਨ੍ਹਾਂ ਵੱਲੋਂ ਸ਼ਹਿਰ ਦਾ ਵਿਕਾਸ ਨਹੀਂ ਕੀਤਾ ਗਿਆ। ਉਨ੍ਹਾਂ ਵੱਲੋਂ ਹੁਣ ਤੈਅ ਸਮੇਂ ਵਿੱਚ ਯੋਜਨਾਬੱਧ ਵਿਕਾਸ ਕੀਤਾ ਜਾਏਗਾ। ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕੌਂਸਲ ਚੋਣਾਂ ਦੌਰਾਨ ਕੀਤੇ ਹਰੇਕ ਵਾਅਦੇ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਮੰਤਰੀਆਂ ਦੇ ਸਾਹਮਣੇ ਉੱਡੀਆਂ ਕਰੋਨਾ ਪਾਬੰਦੀਆਂ ਦੀਆਂ ਧੱਜੀਆਂ
ਸਮਾਗਮ ਦੌਰਾਨ ਸੂਬੇ ਦੇ ਦੋ ਅਹਿਮ ਕੈਬਨਿਟ ਮੰਤਰੀਆਂ ਦੇ ਸਾਹਮਣੇ ਕਰੋਨਾ ਪਾਬੰਦੀਆਂ ਦੀ ਧੱਜੀਆਂ ਉੱਡਾਈਆਂ ਗਈਆਂ। ਸੂਬੇ ਵਿੱਚ ਤੇਜ਼ੀ ਨਾਲ ਫੈਲ ਰਹੇ ਕਰੋਨਾ ਨੂੰ ਰੋਕਣ ਲਈ 20 ਜਣਿਆਂ ਤੋਂ ਉੱਪਰ ਇਕੱਠ ਕਰਨ ’ਤੇ ਪਾਬੰਦੀ ਲਾਈ ਹੋਈ ਹੈ ਪਰ ਅੱਜ ਦੇ ਸਮਾਗਮ ਦੌਰਾਨ 200 ਤੋਂ ਵਧ ਜਣੇ ਹਾਜ਼ਰ ਸਨ। ਇਸ ਬਾਰੇ ਸਿਹਤ ਮੰਤਰੀ ਸ੍ਰੀ ਸਿੱਧੂ ਨੇ ਕਿਹਾ ਕਿ ਸਾਦਾ ਸਮਾਗਮ ਰੱਖਿਆ ਗਿਆ ਸੀ ਜਿਸ ਵਿੱਚ ਬਹੁਤ ਘੱਟ ਲੋਕਾਂ ਨੂੰ ਬੁਲਾਇਆ ਗਿਆ ਸੀ ਪਰ ਲੋਕ ਆਪਣੇ ਆਪ ਪਹੁੰਚ ਗਏ।