ਕਰਮਜੀਤ ਸਿੰਘ ਚਿੱਲਾ
ਬਨੂੜ, 8 ਸਤੰਬਰ
ਖੇਤਰ ਵਿੱਚ ਕਰੋਨਾ ਨੇ ਦੋ ਵਿਅਕਤੀਆਂ ਦੀ ਜਾਨ ਲੈ ਲਈ। ਪਹਿਲੀ ਮੌਤ ਪਿੰਡ ਲੇਹਲਾਂ ਦੇ ਵਸਨੀਕ ਅਤੇ ਪੰਜਾਬ ਪੁਲੀਸ ਦੇ ਸਿਪਾਹੀ ਜਸਪਾਲ ਸਿੰਘ(31) ਦੀ ਹੋਈ। ਮ੍ਰਿਤਕ ਪਿਛਲੇ ਦੋ ਹਫ਼ਤਿਆਂ ਤੋਂ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਮੈਡੀਕਲ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਜਾਣਕਾਰੀ ਅਨੁਸਾਰ ਸਬੰਧਿਤ ਸਿਪਾਹੀ 2011 ਵਿੱਚ ਭਰਤੀ ਹੋਇਆ ਸੀ ਤੇ ਅੱਜ-ਕੱਲ ਪੰਜਾਬ ਸਕੱਤਰੇਤ ਵਿੱਚ ਤਾਇਨਾਤ ਸੀ। ਸਿਪਾਹੀ ਦੀ ਪਹਿਲੀ ਕਰੋਨਾ ਰਿਪੋਰਟ ਨੈਗੇਟਿਵ ਆਈ ਸੀ ਪਰ ਬਾਅਦ ਵਿੱਚ ਬੁਖਾਰ ਨਾਲ ਸਿਹਤ ਵਿਗੜਨ ਕਾਰਨ ਹੋਏ ਟੈਸਟ ਵਿੱਚ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਉਸ ਦਾ ਪਿੰਡ ਲੇਹਲਾਂ ਵਿੱਚ ਸਿਹਤ ਵਿਭਾਗ ਦੀ ਟੀਮ ਦੀ ਨਿਗਰਾਨੀ ਹੇਠ ਸਸਕਾਰ ਕੀਤਾ ਗਿਆ। ਇਸ ਮੌਕੇ ਬਨੂੜ ਪੁਲੀਸ ਦੀ ਟੁਕੜੀ ਵੱਲੋਂ ਮ੍ਰਿਤਕ ਸਿਪਾਹੀ ਨੂੰ ਸਲਾਮੀ ਵੀ ਦਿੱਤੀ ਗਈ। ਜਸਪਾਲ ਸਿੰਘ ਦੇ ਪਰਿਵਾਰ ਵਿੱਚ ਚਾਰ ਸਾਲਾਂ ਦਾ ਬੇਟਾ ਅਤੇ ਪਤਨੀ ਹੈ। ਪਿੰਡ ਲੇਹਲਾਂ ਦੇ ਸਰਪੰਚ ਅਮਰਜੀਤ ਸਿੰਘ ਨੇ ਮ੍ਰਿਤਕ ਸਿਪਾਹੀ ਨੂੰ ਕਰੋਨਾ ਯੋਧਾ ਦੱਸਦਿਆਂ ਪੰਜਾਬ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਨੂੰ ਪੰਜਾਹ ਲੱਖ ਦੇ ਮੁਆਵਜ਼ੇ ਅਤੇ ਉਸਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਦੂਜੀ ਮੌਤ ਪਿੰਡ ਬੂਟਾ ਸਿੰਘ ਵਾਲਾ ਦੇ 48 ਸਾਲਾ ਤਰਸੇਮ ਸਿੰਘ ਦੀ ਹੋਈ ਹੈ, ਊਸਦੀ ਅੱਜ ਹੀ ਕਾਲੋਮਾਜਰਾ ਦੇ ਮੁੱਢਲੇ ਸਿਹਤ ਕੇਂਦਰ ਤੋਂ ਰਿਪੋਰਟ ਪਾਜ਼ੇਟਿਵ ਆਈ ਸੀ। ਗਿਆਨ ਸਾਗਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐੱਸਪੀਐੱਸ ਗੁਰਾਇਆ ਨੇ ਦੱਸਿਆ ਕਿ ਜਦੋਂ ਸਬੰਧਤ ਮਰੀਜ਼ ਹਸਪਤਾਲ ਵਿੱਚ ਪਹੁੰਚਿਆ ਤਾਂ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਬਨੂੜ ਦੀ ਐੱਸਐੱਮਓ ਡਾ. ਹਰਪ੍ਰੀਤ ਕੌਰ ਓਬਰਾਏ ਨੇ ਦੱਸਿਆ ਕਿ ਗਿਆਨ ਸਾਗਰ ਵਿੱਚ ਦਾਖਿਲ 73 ਕਰੋਨਾ ਪੀੜਤਾਂ ਵਿੱਚੋਂ 22 ਮਰੀਜ਼ਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ ਛੇ ਮਰੀਜ਼ਾਂ ਦੀ ਹਾਲਤ ਕਾਫ਼ੀ ਗੰਭੀਰ ਹੈ।