ਕੁਲਦੀਪ ਸਿੰਘ
ਚੰਡੀਗੜ੍ਹ, 5 ਦਸੰਬਰ
ਚੰਡੀਗੜ੍ਹ ਵਿੱਚ ਅੱਜ ਕਰੋਨਾਵਾਇਰਸ ਕਾਰਨ ਦੋ ਮਰੀਜ਼ਾਂ ਦੀ ਮੌਤ ਹੋਈ ਹੈ ਅਤੇ 98 ਨਵੇਂ ਕੇਸ ਸਾਹਮਣੇ ਆਏ ਹਨ। ਸ਼ਹਿਰ ਵਿੱਚ ਕੋਵਿਡ ਮਰੀਜ਼ਾਂ ਦਾ ਕੁੱਲ ਅੰਕੜਾ 17,926 ਹੋ ਗਿਆ ਹੈ। ਇਸੇ ਦੌਰਾਨ ਘਰੇਲੂ ਇਕਾਂਤਵਾਸ ਚੱਲ ਰਹੇ 141 ਮਰੀਜ਼ਾਂ ਨੂੰ ਅੱਜ ਡਿਸਚਾਰਜ ਕੀਤਾ ਗਿਆ ਹੈ ਤੇ ਐਕਟਿਵ ਕੇਸਾਂ ਦੀ ਗਿਣਤੀ 883 ਹੈ। ਵੇਰਵਿਆਂ ਅਨੁਸਾਰ ਸੈਕਟਰ-23 ਵਾਸੀ 94 ਸਾਲਾਂ ਦੀ ਬਿਰਧ ਔਰਤ ਦੀ ਜੀ.ਐਮ.ਸੀ.ਐਚ.-32 ਵਿੱਚ ਮੌਤ ਹੋਈ ਹੈ ਅਤੇ ਸੈਕਟਰ-47 ਵਾਸੀ 74 ਸਾਲਾਂ ਦੇ ਮਰੀਜ਼ ਨੇ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਮ ਤੋੜਿਆ ਹੈ। ਦੋਵੇਂ ਮਰੀਜ਼ ਕਰੋਨਾ ਦੇ ਨਾਲ-ਨਾਲ ਹੋਰਨਾਂ ਬਿਮਾਰੀਆਂ ਤੋਂ ਵੀ ਪੀੜਤ ਸਨ। ਸਹਿਰ ਵਿੱਚ ਨਵੇਂ ਆਏ ਕੇਸ ਸੈਕਟਰ 2, 7, 9, 14, 15, 16, 19, 22, 23, 25, 26, 27, 28, 29, 30, 34, 37, 38, 39, 40, 41, 44, 45, 46, 47, 48, 49, 51, 52, 56, 61, 63, 38-ਵੈਸਟ, ਦੜੂਆ, ਧਨਾਸ, ਹੱਲੋਮਾਜਰਾ, ਇੰਡਸਟਰੀਅਲ ਏਰੀਆ, ਖੁੱਡਾ ਅਲੀਸ਼ੇਰ, ਖੁੱਡਾ ਲਾਹੌਰਾ, ਮਲੋਆ, ਮਨੀਮਾਜਰਾ ਤੇ ਮੌਲੀ ਜੱਗਰਾਂ ਦੇ ਵਸਨੀਕ ਹਨ।
ਰੂਪਨਗਰ (ਬਹਾਦਰਜੀਤ ਸਿੰਘ): ਰੂਪਨਗਰ ਜ਼ਿਲ੍ਹੇ ਵਿੱਚ ਅੱਜ 21 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ। ਡੀਸੀ ਸੋਨਾਲੀ ਗਿਰੀ ਨੇ ਦੱਸਿਆ ਕਿ ਰੂਪਨਗਰ ਇਲਾਕੇ ਵਿੱਚ 4, ਨੰਗਲ ਇਲਾਕੇ ਵਿੱਚ 4, ਸ੍ਰੀ ਆਨੰਦਪੁਰ ਸਾਹਿਬ ਇਲਾਕੇ ਵਿੱਚ 7, ਸ੍ਰੀ ਚਮਕੌਰ ਸਾਹਿਬ ਇਲਾਕੇ ਵਿਚ 3, ਤੇ ਮੋਰਿੰਡਾ ਇਲਾਕੇ ਵਿੱਚ ਵੀ ਤਿੰਨ ਵਿਅਕਤੀ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਜ਼ਿਲ੍ਹੇ ਵਿੱਚ ਐਕਟਿਵ ਕਰੋਨਾ ਕੇਸਾਂ ਦੀ ਗਿਣਤੀ 191 ਹੈ।
ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਜ਼ਿਲ੍ਹੇ ਵਿੱਚ ਕਰੋਨਾ ਦੇ 84 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 78 ਕੇਸ ਪੰਚਕੂਲਾ ਇਲਾਕੇ ਨਾਲ ਸਬੰਧਤ ਹਨ। ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕੀਤੀ ਹੈ। ਜ਼ਿਲ੍ਹੇ ਵਿੱਚ 511 ਐਕਟਿਵ ਕੇਸ ਹਨ ਅਤੇ ਹੁਣ ਤੱਕ 131 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਇਥੇ ਅੱਜ ਕਰੋਨਾ ਕਾਰਨ ਬਜ਼ੁਰਗ ਮਰੀਜ਼ ਦੀ ਮੌਤ ਹੋਈ ਹੈ ਜੋ ਕਿ ਪ੍ਰੀਤ ਕਲੋਨੀ ਜੰਡਲੀ ਦਾ ਰਹਿਣ ਵਾਲਾ ਸੀ। ਅੱਜ ਜ਼ਿਲ੍ਹੇ ਵਿਚ ਕਰੋਨਾ ਪਾਜ਼ੇਟਿਵ ਦੇ 47 ਕੇਸ ਆਉਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 10651 ਹੋ ਗਈ ਹੈ। ਅੱਜ 52 ਮਰੀਜ਼ ਕਰੋਨਾ ਮੁਕਤ ਵੀ ਹੋਏ ਹਨ ਅਤੇ 467 ਐਕਟਿਵ ਕੇਸ ਹਨ।
ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ):ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕਰੋਨਾ ਦੇ 9 ਮਾਮਲੇ ਸਾਹਮਣੇ ਆਏ ਹਨ ਤੇ ਐਕਟਿਵ ਕੇਸਾਂ ਦੀ ਗਿਣਤੀ 58 ਹੋ ਗਈ ਹੈ।
ਮੁਹਾਲੀ ਜ਼ਿਲ੍ਹੇ ’ਚ 100 ਨਵੇਂ ਮਾਮਲੇ; ਦੋ ਮੌਤਾਂ
ਮੁਹਾਲੀ (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 100 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਮਰੀਜ਼ਾਂ ਦੀ ਕੁੱਲ ਗਿਣਤੀ 16168 ਹੋ ਗਈ ਹੈ। ਅੱਜ 122 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ ਦੋ ਕਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ ਅਤੇ ਹੁਣ ਤੱਕ 290 ਕੋਵਿਡ ਪੀੜਤਾਂ ਦੀ ਜਾਨ ਜਾ ਚੁੱਕੀ ਹੈ। ਅੱਜ ਮੁਹਾਲੀ ਸ਼ਹਿਰੀ ਖੇਤਰ ਵਿੱਚ 66 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਕੁਰਾਲੀ ਤੇ ਬੂਥਗੜ੍ਹ ਵਿੱਚ 1-1, ਡੇਰਾਬੱਸੀ ਵਿੱਚ 7, ਘੜੂੰਆਂ ਵਿੱਚ 11 ਅਤੇ ਖਰੜ ਵਿੱਚ 14 ਵਿਅਕਤੀ ਕਰੋਨਾ ਪੀੜਤ ਪਾਏ ਗਏ ਹਨ। ਜ਼ਿਲ੍ਹੇ ਵਿੱਚ 2256 ਕੇਸ ਐਕਟਿਵ ਹਨ ਤੇ ਹੁਣ ਤੱਕ 13622 ਮਰੀਜ਼ ਸਿਹਤਯਾਬ ਹੋ ਚੁੱਕੇ ਹਨ।