ਕਰਮਜੀਤ ਸਿੰਘ ਚਿੱਲਾ
ਬਨੂੜ, 18 ਅਗਸਤ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਖਿਆ ਹੈ ਕਿ ਸਤੰਬਰ ਵਿੱਚ ਕਰੋਨਾ ਪੂਰੇ ਸਿਖਰ ’ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਟੈਸਟ ਵੱਧਣ ਨਾਲ ਕਰੋਨਾ ਪੀੜਤਾਂ ਦੀ ਗਿਣਤੀ ਵਧਣੀ ਵੀ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਸਥਿਤੀ ਪੂਰੀ ਤਰਾਂ ਕੰਟਰੋਲ ਹੇਠ ਹੈ ਪਰ ਕਰੋਨਾ ਨੂੰ ਜੜ੍ਹੋਂ ਮੁਕਾਉਣ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ। ਉਹ ਅੱਜ ਦੁਪਹਿਰੇ ਮੁਹਾਲੀ, ਰੂਪਨਗਰ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਕਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਲਈ ਪੰਜਾਬ ਸਰਕਾਰ ਵੱਲੋਂ ਨੋਡਲ ਕੋਵਿਡ ਸੈਂਟਰ ਵਜੋਂ ਅਪਣਾਏ ਗਏ ਗਿਆਨ ਸਾਗਰ ਹਸਪਤਾਲ ਦਾ ਦੌਰਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਇਸ ਮੌਕੇ ਉਨ੍ਹਾਂ ਗਿਆਨ ਸਾਗਰ ਹਸਪਤਾਲ ਦੇ ਪ੍ਰਬੰਧਕਾਂ ਤੋਂ ਮਰੀਜ਼ਾਂ ਨੂੰ ਦਿੱਤੇ ਜਾਂਦੇ ਰਾਸ਼ਨ ਤੇ ਹੋਰ ਸਹੂਲਤਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਹਸਪਤਾਲ ਦੇ ਪ੍ਰਬੰਧਾਂ ਦੀ ਸਿਹਤ ਵਿਭਾਗ ਵੱਲੋਂ ਲਗਾਤਾਰ ਨਿਗਰਾਨੀ ਕਰਨ ਲਈ ਹਸਪਤਾਲ ਦੇ ਕੋਵਿਡ ਵਾਰਡਾਂ ਅਤੇ ਰਸੋਈ ਵਿੱਚ ਕੈਮਰੇ ਲਗਾਉਣ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਨਾਲ ਵਿਭਾਗ ਸਮੁੱਚੀ ਨਜਰਸ਼ਾਨੀ ਕਰਦਾ ਰਹੇਗਾ।
ਉਨ੍ਹਾਂ ਹਸਪਤਾਲ ਦੇ ਕੋਵਿਡ ਸੈਂਟਰ ਵਿਖੇ ਦਾਖਲ ਮਰੀਜ਼ਾਂ ਦੇ ਮਨੋਰੰਜਨ ਲਈ ਵਾਰਡਾਂ ਵਿੱਚ ਐਲਸੀਡੀਜ਼ ਲਾਉਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਮਰੀਜ਼ਾਂ ਦੇ ਮਾਨਸਿਕ ਪੱਧਰ ਨੂੰ ਉੱਚਾ ਚੁੱਕਣ ਲਈ ਕੌਂਸਲਰ ਭੇਜੇ ਜਾਣ ਦੀ ਵੀ ਗੱਲ ਆਖੀ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਿਵਲ ਸਰਜਨ ਡਾ. ਮਨਜੀਤ ਸਿੰਘ, ਡਾ. ਬਲਵਿੰਦਰ ਸਿੰਘ, ਗਿਆਨ ਸਾਗਰ ਦੇ ਡੀਨ ਡਾ. ਏਐੱਸ ਸੇਖੋਂ, ਪ੍ਰਿੰਸੀਪਲ ਡਾ. ਕਮਲਜੀਤ ਸਿੰਘ ਤੇ ਮੈਡੀਕਲ ਸੁਪਰਡੈਂਟ ਡਾ. ਐੱਸਪੀਐੱਸ ਗੁਰਾਇਆ ਮੌਜੂਦ ਸਨ।
ਵੈਕਸੀਨ ਤੋਂ ਬਿਨਾਂ ਕਰੋਨਾ ਦਾ ਖਾਤਮਾ ਅਸੰਭਵ
ਸਿਹਤ ਮੰਤਰੀ ਨੇ ਆਖਿਆ ਕਿ ਜਦੋਂ ਤੱਕ ਕਰੋਨਾ ਵੀ ਵੈਕਸੀਨ ਨਹੀਂ ਆਉਂਦੀ, ਉਦੋਂ ਤੱਕ ਕਰੋਨਾ ਖਤਮ ਨਹੀਂ ਹੋ ਸਕੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਰੋਨਾ ਦੀ ਲਾਗ ਤੋਂ ਬਚਾਅ ਲਈ ਖ਼ੁਦ ਸਾਵਧਾਨ ਰਹਿਣ ਅਤੇ ਸਿਹਤ ਵਿਭਾਗ ਵੱਲੋਂ ਦਰਸਾਈਆਂ ਸਾਵਧਾਨੀਆਂ ਵਰਤਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਰਾਜ ਵਿੱਚ ਇਨੀਂ ਦਿਨੀਂ ਕਰੋਨਾ ਦੇ ਸਾਢੇ ਅਠਾਰਾਂ ਹਜ਼ਾਰ ਦੇ ਕਰੀਬ ਟੈਸਟ ਹੋ ਰਹੇ ਹਨ ਤੇ ਆਉਂਦੇ ਦਿਨਾਂ ਵਿੱਚ ਇਨ੍ਹਾਂ ਦੀ ਗਿਣਤੀ 20 ਹਜ਼ਾਰ ਹੋ ਜਾਵੇਗੀ। ਉਨ੍ਹਾਂ ਰਾਜ ਵਿੱਚ ਕੇਸਾਂ ਦੇ ਲਗਾਤਾਰ ਹੋ ਰਹੇ ਵਾਧੇ ਦੇ ਮੱਦੇਨਜਰ ਮੁਕੰਮਲ ਲੌਕਡਾਊਨ ਦੀ ਸੰਭਾਵਨਾ ਤੋਂ ਇਨਕਾਰ ਕੀਤਾ।