ਕੁਲਦੀਪ ਸਿੰਘ
ਚੰਡੀਗੜ੍ਹ, 7 ਸਤੰਬਰ
ਸ਼ਹਿਰ ਵਿੱਚ ਕਰੋਨਾਵਾਇਰਸ ਦੇ 232 ਨਵੇਂ ਕੇਸ ਸਾਹਮਣੇ ਆਏ ਹਨ ਤੇ ਤਿੰਨ ਮਰੀਜ਼ਾਂ ਦੀ ਮੌਤ ਹੋਈ ਹੈ। ਵੇਰਵਿਆ ਅਨੁਸਾਰ ਪੀ.ਜੀ.ਆਈ. ਵਿਚ ਇਲਾਜ ਅਧੀਨ ਪਿੰਡ ਧਨਾਸ ਦੀ ਰਹਿਣ ਵਾਲੀ 45 ਸਾਲਾਂ ਦੀ ਕਰੋਨਾ ਪੀੜਤ ਔਰਤ ਦੀ ਮੌਤ ਹੋਈ ਹੈ ਜੋ ਕਿ ਡਾਇਬਟੀਜ਼ ਤੋਂ ਵੀ ਪੀੜਤ ਸੀ। ਇਸੇ ਤਰ੍ਹਾਂ ਸੈਕਟਰ-43 ਵਾਸੀ 72 ਸਾਲਾਂ ਦੀ ਕਰੋਨਾ ਪੀੜਤ ਔਰਤ ਦੀ ਸੋਹਾਣਾ ਹਸਪਤਾਲ ਵਿਚ ਮੌਤ ਹੋਈ ਹੈ। ਇਕ ਹੋਰ ਜਾਣਕਾਰੀ ਅਨੁਸਾਰ ਸੈਕਟਰ-37 ਦੀ ਵਸਨੀਕ 50 ਸਾਲਾਂ ਦੀ ਕਰੋਨਾ ਪੀੜਤ ਔਰਤ ਦੀ ਪੀ.ਜੀ.ਆਈ. ਵਿੱਚ ਮੌਤ ਹੋਈ ਹੈ। ਇਹ ਤਿੰਨੋਂ ਮਰੀਜ਼ ਹੋਰ ਵੀ ਕਈ ਬਿਮਾਰੀਆਂ ਤੋਂ ਪੀੜਤ ਸਨ। ਇਸੇ ਦੌਰਾਨ ਨਵੇਂ ਆਏ ਕੇਸ ਸੈਕਟਰ 7, 8, 14, 15, 16, 18, 20, 21, 22, 23, 24, 25, 26, 27, 28, 29, 30, 32, 33, 34, 35, 37, 38, 39, 40, 41, 43, 44, 45, 46, 47, 48, 49, 51, 52, 56, 63, 17, 38-ਵੈਸਟ, ਪੀ.ਜੀ.ਆਈ. ਕੈਂਪਸ, ਰਾਮ ਦਰਬਾਰ, ਬਹਿਲਾਣਾ, ਬੁੜੈਲ, ਡੱਡੂਮਾਜਰਾ, ਦੜੂਆ, ਧਨਾਸ, ਹੱਲੋਮਾਜਰਾ, ਖੁੱਡਾ ਅਲੀਸ਼ੇਰ, ਮਲੋਆ, ਮਨੀਮਾਜਰਾ, ਖੁੱਡਾ ਲਾਹੌਰਾ ਤੇ ਮੌਲੀ ਜੱਗਰਾਂ ਨਾਲ ਸਬੰਧਤ ਹਨ। ਅੱਜ 295 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਵੀ ਮਿਲੀ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 5995 ਹੋ ਗਈ ਹੈ। ਹੁਣ ਤੱਕ 3734 ਮਰੀਜ਼ ਡਿਸਚਾਰਜ ਹੋ ਚੁੱਕੇ ਹਨ ਤੇ ਕੁੱਲ 74 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 2184 ਹੈ।
ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਜ਼ਿਲ੍ਹੇ ਵਿੱਚ ਅੱਜ 68 ਨਵੇਂ ਕਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵਾਇਰਸ ਕਾਰਨ ਦੋ ਔਰਤਾਂ ਦੀ ਮੌਤ ਹੋਈ ਹੈ ਜਿਨ੍ਹਾਂ ਵਿੱਚੋਂ ਇਕ ਔਰਤ ਪਿੰਜੌਰ ਦੀ ਵਸਨੀਕ ਸੀ ਅਤੇ ਇਕ ਔਰਤ ਪੰਚਕੂਲਾ ਦੇ ਸੈਕਟਰ-4 ਦੀ ਰਹਿਣ ਵਾਲੀ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਰੋਨਾ ਦੇ 1214 ਕੇਸ ਐਕਟਿਵ ਹਨ। ਅੱਜ ਜਿਹੜੇ ਨਵੇਂ ਕੇਸ ਸਾਹਮਣੇ ਆਏ ਹਨ, ਊਹ ਪੰਚਕੂਲਾ ਦੇ ਵੱਖ ਵੱਖ ਸੈਕਟਰਾਂ, ਸ਼ਹਿਰੀ ਅਤੇ ਪੇਂਡੂ ਖੇਤਰਾਂ ਨਾਲ ਸਬੰਧਤ ਹਨ। ਸਿਹਤ ਵਿਭਾਗ ਨੇ ਇਨ੍ਹਾਂ ਮਰੀਜ਼ਾਂ ਦੇ ਪਰਿਵਾਰਾਂ ਨੂੰ ਇਕਾਂਤਵਾਸ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੰਚਕੂਲਾ ਜ਼ਿਲ੍ਹੇ ਵਿੱਚ ਹੁਣ ਤੱਕ 3146 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਅਤੇ 34 ਮੌਤਾਂ ਹੋ ਚੁੱਕੀਆਂ ਹਨ। ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਰਾਂ ਵਿੱਚ ਹੀ ਰਹਿ ਕੇ ਆਪਣੀ ਸਿਹਤ ਦਾ ਧਿਆਨ ਰੱਖਿਆ ਜਾਵੇ।
ਸਿੱਖਿਆ ਵਿਭਾਗ ਦੇ 10 ਮੁਲਾਜ਼ਮ ਵਾਇਰਸ ਤੋਂ ਪੀੜਤ
ਚੰਡੀਗੜ੍ਹ (ਸੁਖਵਿੰਦਰ ਪਾਲ ਸੋਢੀ): ਯੂਟੀ ਦੇ ਸਿੱਖਿਆ ਵਿਭਾਗ ਨਾਲ ਸਬੰਧਤ 10 ਮੁਲਾਜ਼ਮ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚੋਂ ਸੱਤ ਜਣੇ ਜ਼ਿਲ੍ਹਾ ਸਿੱਖਿਆ ਦਫਤਰ ਨਾਲ ਸਬੰਧਤ ਹਨ ਤੇ ਇਕ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-10 ਵਿਚ ਅਧਿਆਪਕ ਹੈ। ਇਸ ਤੋਂ ਇਲਾਵਾ ਆਡੀਟਰ ਜਨਰਲ ਆਫ ਇੰਡੀਆ ਦੇ ਦੋ ਮੁਲਾਜ਼ਮ ਵੀ ਜ਼ਿਲ੍ਹਾ ਸਿੱਖਿਆ ਦਫਤਰ ਵਿੱਚ ਆਡਿਟ ਕਰ ਰਹੇ ਸਨ, ਉਹ ਵੀ ਪਾਜ਼ੇਟਿਵ ਪਾਏ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਅੱਜ 33 ਜਣਿਆਂ ਦੇ ਸੈਂਪਲ ਲਏ ਗਏ ਜਿਨ੍ਹਾਂ ਵਿਚੋਂ ਦਸ ਪਾਜ਼ੇਟਿਵ ਮਿਲੇ ਹਨ। ਭਲਕੇ ਡੀਈਓ ਦਫਤਰ ਦੇ 30 ਹੋਰ ਮੁਲਾਜ਼ਮਾਂ ਦੇ ਸੈਂਪਲ ਲਏ ਜਾਣਗੇ। ਇਸ ਤੋਂ ਪਹਿਲਾਂ ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਤੇ ਡਿਪਟੀ ਡਾਇਰੈਕਟਰ ਰਾਜਿੰਦਰ ਕੌਰ ਵੀ ਕਰੋਨਾ ਪਾਜ਼ੇਟਿਵ ਪਾਏ ਗਏ ਸਨ।