ਆਤਿਸ਼ ਗੁਪਤਾ
ਚੰਡੀਗੜ੍ਹ, 8 ਅਪਰੈਲ
ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੇ ਵਧ ਰਹੇ ਕੇਸਾਂ ਨੂੰ ਵੇਖਦਿਆਂ ਭਾਵੇਂ ਰਾਤ ਸਮੇਂ ਘਰੋਂ ਬਾਹਰ ਨਿਕਲਣ ਵਾਲਿਆਂ ’ਤੇ ਯੂਟੀ ਪ੍ਰਸ਼ਾਸਨ ਨੇ ਨੱਥ ਪਾਉਣ ਲਈ ਰਾਤ ਦਾ ਕਰਫਿਊ ਲਗਾ ਦਿੱਤਾ ਹੈ ਤੇ ਲੋਕਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਅਪੀਲ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਚੰਡੀਗੜ੍ਹ ਦੇ ਲੋਕ ਸਮਾਜਿਕ ਦੂਰੀ ਦੇ ਨਿਯਮਾਂ ਦੀ ਸ਼ਰ੍ਹੇਆਮ ਧੱਜੀਆਂ ਉਡਾ ਰਹੇ ਹਨ। ਲੋਕ ਬਿਨਾਂ ਕਿਸੇ ਡਰ ਤੋਂ ਮਾਸਕ ਤੋਂ ਬਗੈਰ ਘੁੰਮਦੇ ਵਿਖਾਈ ਦੇ ਰਹੇ ਹਨ। ਇਨ੍ਹਾਂ ’ਤੇ ਨੱਥ ਪਾਉਣ ਵਿੱਚ ਪ੍ਰਸ਼ਾਸਨ ਫੇਲ੍ਹ ਸਾਬਤ ਹੋ ਰਿਹਾ ਹੈ।
ਸ਼ਹਿਰ ਵਾਸੀਆਂ ਦੀ ਇਸੇ ਅਣਦੇਖੀ ਕਾਰਨ ਸ਼ਹਿਰ ਵਿੱਚ ਮੁੜ ਕਰੋਨਾਵਾਇਰਸ ਨੇ ਪੈਰ ਪਸਾਰ ਲਏ ਹਨ। ਕਰੋਨਾਵਾਇਰਸ ਕੇਸਾਂ ਦੀ ਗਿਣਤੀ ਪਹਿਲਾਂ ਨਾਲੋਂ ਵਧ ਗਈ ਹੈ। ਕਰੋਨਾਵਾਇਰਸ ਦੇ ਕੇਸਾਂ ਦੇ ਫੈਲਾਅ ਨੂੰ ਰੋਕਣ ਸਬੰਧੀ ਯੂਟੀ ਪ੍ਰਸ਼ਾਸਨ ਵੱਲੋਂ ਵਾਰ-ਵਾਰ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਸ਼ਹਿਰ ਦੀ ਸੁਖਨਾ ਝੀਲ, ਰੌਕ ਗਾਰਡਨ, ਰੋਜ਼ ਗਾਰਡਨ, ਸੈਕਟਰ-43 ਅਤੇ 17 ਦੇ ਬੱਸ ਅੱਡਿਆਂ, ਸੈਕਟਰ-22 ਵਿੱਚ ਸਥਿਤ ਮੋਬਾਈਲ ਮਾਰਕੀਟ, ਸ਼ਾਸਤਰੀ ਮਾਰਕੀਟ ਸਮੇਤ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਲੋਕ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਫਿਰਦੇ ਵਿਖਾਈ ਦਿੰਦੇ ਹਨ। ਕੁਝ ਲੋਕਾਂ ਨੇ ਮਾਸਕ ਪੁਲੀਸ ਦੇ ਡਰ ਤੋਂ ਸਿਰਫ਼ ਦਿਖਾਵੇ ਲਈ ਗੱਲ ਵਿੱਚ ਪਾਇਆ ਜਾਂਦਾ ਹੈ। ਉਸ ਨਾਲ ਮੂੰਹ ਅਤੇ ਨੱਕ ਨਹੀਂ ਢਕੇ ਜਾਂਦੇ ਜਿਸ ਨਾਲ ਕਰੋਨਾਵਾਇਰਸ ਦੇ ਫੈਲਾਅ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਪੰਜਾਬ ਵਿੱਚ ਕਰੋਨਾ ਕੇਸਾਂ ਦੀ ਗਿਣਤੀ ਵਧਣ ਕਾਰਨ ਪੰਜਾਬ ਸਰਕਾਰ ਵੱਲੋਂ ਰਾਤ ਦਾ ਕਰਫਿਊ ਲਗਾਏ ਜਾਣ ਤੋਂ ਬਾਅਦ ਯੂਟੀ ਪ੍ਰਸ਼ਾਸਨ ਨੇ ਵੀ ਰਾਤ ਦਾ ਕਰਫਿਊ ਲਗਾਉਂਦਿਆਂ ਸ਼ਹਿਰ ਵਿੱਚ ਸਖਤਾਈ ਕਰ ਦਿੱਤੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਅਤੇ ਰਾਤ ਦੇ ਕਰਫਿਊ ਦੀ ਸਖਤੀ ਨਾਲ ਪਾਲਣਾ ਕਰਨ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਯੂਟੀ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਦੀ ਅਗਵਾਈ ਹੇਠ ਜਿੱਥੇ ਪ੍ਰਸ਼ਾਸਨਿਕ ਅਧਿਕਾਰੀ ਕਰੋਨਾ ’ਤੇ ਨੱਥ ਪਾਉਣ ਲਈ ਵਾਰ-ਵਾਰ ਸਖਤਾਈ ਕਰਨ ਦੇ ਆਦੇਸ਼ ਦੇ ਰਹੇ ਹਨ, ਉੱਥੇ ਹੀ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰ ਰਹੇ ਹਨ।
ਕੇਸ ਵਧਣ ਕਾਰਨ ਹੋ ਸਕਦੀ ਹੈ ਹੋਰ ਸਖ਼ਤੀ
ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵਧ ਰਹੀ ਹੈ, ਸ਼ਹਿਰ ਵਿੱਚ ਹੋਰ ਸਖ਼ਤੀ ਕੀਤੀ ਜਾ ਸਕਦੀ ਹੈ। ਰਾਤ ਦੇ ਕਰਫਿਊ ਤੋਂ ਬਾਅਦ ਔਡ-ਈਵਨ ਫਾਰਮੁੱਲਾ ਲਾਗੂ ਕੀਤਾ ਜਾ ਸਕਦਾ ਹੈ ਜਾਂ ਹਫ਼ਤਾਵਰੀ ਕਰਫਿਊ ਵੀ ਲਗਾਇਆ ਜਾ ਸਕਦਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਕਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਮਾਸਕ ਦੀ ਵਰਤੋਂ ਕਰਨ ਦੀ ਅਪੀਲ ਕੀਤੀ।