ਪੱਤਰ ਪ੍ਰੇਰਕ
ਚੰਡੀਗੜ੍ਹ, 16 ਜੁਲਾਈ
‘ਕੋਵਿਡ ਵੈਕਸੀਨ ਅੰਮ੍ਰਿਤ ਮਹੋਤਸਵ’ ਤਹਿਤ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਲਈ ਮੁਫ਼ਤ ਬੂਸਟਰ ਡੋਜ਼ ਦੀ 75 ਰੋਜ਼ਾ ਮੁਹਿੰਮ ਦਾ ਉਦਘਾਟਨ ਚੰਡੀਗੜ੍ਹ ਵਿੱਚ ਸਕੱਤਰ ਸਿਹਤ, ਯੂਟੀ ਚੰਡੀਗੜ੍ਹ ਪ੍ਰਸ਼ਾਸਨ, ਯਸ਼ਪਾਲ ਗਰਗ ਵੱਲੋਂ ਕੀਤਾ ਗਿਆ।
ਸਕੱਤਰ ਸਿਹਤ ਨੇ ਜੀਐਮਐਸਐਚ-16 ਦੇ ਆਡੀਟੋਰੀਅਮ ਵਿੱਚ ਅਭਿਆਨ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਨੇ ਟੀਕਾਕਰਨ ਕਰਵਾਇਆ। ਇਸ ਦੌਰਾਨ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਜੀਐਮਐਸਐਚ-16 ਦੇ ਮੈਡੀਕਲ ਸੁਪਰਡੈਂਟ ਜ਼ਿਲ੍ਹਾ ਟੀਕਾਕਰਨ ਅਫ਼ਸਰ ਅਤੇ ਹੋਰ ਪ੍ਰੋਗਰਾਮ ਅਫ਼ਸਰ ਵੀ ਹਾਜ਼ਰ ਸਨ।
ਇਸ ਦੌਰਾਨ ਉਨ੍ਹਾਂ ਚੰਡੀਗੜ੍ਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਤੋਂ ਬਚਾਅ ਲਈ ਖ਼ੁਦ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਵੈਕਸੀਨ ਜ਼ਰੂਰ ਲਗਵਾਉਣ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 15 ਜੁਲਾਈ ਤੋਂ ਸ਼ੁਰੂ ਹੋਈ ਇਹ ਮੁਹਿੰਮ 30 ਸਤੰਬਰ ਤੱਕ ਚਲਾਈ ਜਾਵੇਗੀ। ਚੰਡੀਗੜ੍ਹ ਦੇ ਸਾਰੇ ਪ੍ਰਮੁੱਖ ਸਰਕਾਰੀ ਹਸਪਤਾਲਾਂ ਵਿੱਚ ਸਾਰੇ ਯੋਗ ਲਾਭਪਾਤਰੀਆਂ ਨੂੰ ਕੋਵੀਸ਼ੀਲਡ ਅਤੇ ਕੋ-ਵੈਕਸੀਨ ਦੀ ਇਹ ਮੁਫ਼ਤ ਬੂਸਟਰ ਡੋਜ਼ ਮੁਹੱਈਆ ਕਰਵਾਈ ਜਾਵੇਗੀ।
ਇਨ੍ਹਾਂ ਸੈਂਟਰਾਂ ਵਿੱਚ ਹੋਵੇਗੀ ਕੋਵਿਡ-19 ਵੈਕਸੀਨੇਸ਼ਨ
ਇਹ ਕੋਵਿਡ ਵੈਕਸੀਨੇਸ਼ਨ ਸੈਂਟਰ ਪੀ.ਜੀ.ਆਈ., ਜੀ.ਐਮ.ਸੀ.ਐਚ.-32, ਜੀ.ਐਮ.ਐਸ.ਐਚ.-16, ਸਿਵਲ ਹਸਪਤਾਲ ਸੈਕਟਰ 45, ਸਿਵਲ ਹਸਪਤਾਲ ਸੈਕਟਰ 22, ਸਿਵਲ ਹਸਪਤਾਲ ਮਨੀਮਾਜਰਾ, ਹੈਲਥ ਐਂਡ ਵੈੱਲਨੈੱਸ ਸੈਂਟਰ ਸੈਕਟਰ 42 ਵਿੱਚ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਹਰ-ਘਰ ਦਸਤਕ ਟੀਮਾਂ ਐਮਐਚਸੀ ਮਨੀਮਾਜਰਾ, ਮੌਲੀ ਜਾਗਰਾਂ, ਵਹਾਈਟ ਹਾਊਸ ਸੈਕਟਰ 49-ਡੀ, ਧਨਾਸ, ਤ੍ਰਿਸ਼ਕਤੀ ਮੰਦਰ ਤੇ ਆਸ਼ਰਮ ਸੈਕਟਰ 49-ਡੀ, ਅਟਾਵਾ (ਸੈਕਟਰ-42) ਦੇ ਗੁਰਦੁਆਰਾ ਸਾਹਿਬ, ਐਸ.ਬੀ.ਆਈ. ਸੁਸਾਇਟੀ ਸੈਕਟਰ 49, ਪੈਰਾਡਾਈਜ਼ ਸੁਸਾਇਟੀ ਸੈਕਟਰ 50, ਸੈਕਟਰ 45 (ਬੁੜੈਲ) ਸਥਿਤ ਆਂਗਨਵਾੜੀ ਕੇਂਦਰ ਨੰਬਰ 2, 3, 4, 5 ਵਿੱਚ ਮੌਜੂਦ ਰਹਿਣਗੀਆਂ।