ਪੱਤਰ ਪ੍ਰੇਰਕ
ਚੰਡੀਗੜ੍ਹ, 24 ਦਸੰਬਰ
ਚੰਡੀਗੜ੍ਹ ਵਿੱਚ ਅੱਜ ਕਰੋਨਾ ਦੇ 43 ਨਵੇਂ ਕੇਸ ਸਾਹਮਣੇ ਆਏ ਹਨ ਤੇ ਸੈਕਟਰ-49 ਵਾਸੀ 45 ਸਾਲਾਂ ਦੇ ਵਿਅਕਤੀ ਦੀ ਵਾਇਰਸ ਕਾਰਨ ਮੌਤ ਹੋਈ ਹੈ। ਅੱਜ 50 ਮਰੀਜ਼ਾਂ ਦਾ ਘਰੇਲੂ ਇਕਾਂਤਵਾਸ ਖ਼ਤਮ ਹੋਇਆ ਹੈ ਅਤੇ ਐਕਟਿਵ ਕੇਸ ਘੱਟ ਕੇ 361 ਰਹਿ ਗਏ ਹਨ।
ਮੁਹਾਲੀ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 75 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਮਰੀਜ਼ਾਂ ਦੀ ਕੁੱਲ ਗਿਣਤੀ 17801 ’ਤੇ ਪਹੁੰਚ ਗਈ ਹੈ। ਅੱਜ 149 ਮਰੀਜ਼ ਤੰਦਰੁਸਤ ਹੋਏ ਹਨ। ਵਧੀਕ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਅੱਜ ਇਕ ਹੋਰ ਕਰੋਨਾ ਮਰੀਜ਼ ਦੀ ਮੌਤ ਹੋਈ ਹੈੇ। ਵੇਰਵੇ ਅਨੁਸਾਰ ਮੁਹਾਲੀ ਸ਼ਹਿਰੀ ਖੇਤਰ ਵਿੱਚ 51 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਬਨੂੜ ਵਿੱਚ 1, ਘੜੂੰਆਂ ਤੇ ਬੂਥਗੜ੍ਹ ਵਿੱਚ 2-2, ਖਰੜ ਤੇ ਢਕੌਲੀ ਵਿੱਚ 5-5 ਅਤੇ ਡੇਰਾਬੱਸੀ ਵਿੱਚ 9 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ।
ਅੰਬਾਲਾ (ਰਤਨ ਸਿੰਘ ਢਿੱਲੋਂ): ਅੱਜ ਅੰਬਾਲਾ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਦੇ ਨਵੇਂ 25 ਕੇਸ ਪਾਜ਼ੇਟਿਵ ਆਉਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 11338 ਹੋ ਗਈ ਹੈ। ਅੱਜ ਜ਼ਿਲ੍ਹੇ ਵਿਚ 38 ਮਰੀਜ਼ ਠੀਕ ਹੋ ਕੇ ਘਰਾਂ ਨੂੰ ਗਏ ਹਨ ਅਤੇ 240 ਐਕਟਿਵ ਮਰੀਜ਼ ਰਹਿ ਗਏ ਹਨ।
ਇੰਗਲੈਂਡ ਤੋਂ ਚੰਡੀਗੜ੍ਹ ਪਹੁੰਚੇ ਯਾਤਰੀ ਇਕਾਂਤਵਾਸ ਕੀਤੇ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਇੰਗਲੈਂਡ ਵਿੱਚ ਕਰੋਨਾਵਾਇਰਸ ਦੀ ਨਵੀਂ ਸ਼ਹਿਰ ਸ਼ੁਰੂ ਹੋਣ ਤੋਂ ਬਾਅਦ ਚੰਡੀਗੜ੍ਹ ਵਿੱਚ 25 ਨਵੰਬਰ ਤੋਂ 23 ਦਸੰਬਰ ਤੱਕ 92 ਯਾਤਰੀ ਇੰਗਲੈਂਡ ਤੋਂ ਚੰਡੀਗੜ੍ਹ ਆਏ ਹਨ। ਇਨ੍ਹਾਂ ਨੂੰ ਯੂਟੀ ਪ੍ਰਸ਼ਾਸਨ ਨੇ ਘਰਾਂ ਵਿੱਚ ਹੀ 14 ਦਿਨਾਂ ਲਈ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲੀਸ ਵਿਭਾਗ ਨੂੰ ਇਕਾਂਤਵਾਸ ਕੀਤੇ ਲੋਕਾਂ ਦੀ ਨਿਗਰਾਨੀ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਯੂਟੀ ਪ੍ਰਸ਼ਾਸਨ ਤਰਫੋਂ ਕਰੋਨਾ ਦੀ ਨਵੀਂ ਲਹਿਰ ਨਾ ਨਜਿੰਠਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸੇ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਹੋਸਟਲ ਨੂੰ ਇਕਾਂਤਵਾਸ ਕੇਂਦਰ ਬਣਾਉਣ ਦਾ ਵਿਚਾਰ ਕੀਤਾ ਜਾ ਰਿਹਾ ਹੈ।