ਕੁਲਦੀਪ ਸਿੰਘ
ਚੰਡੀਗੜ੍ਹ, 11 ਜੂਨ
ਇਥੋਂ ਦੇ ਸੈਕਟਰ-16 ਵਿੱਚ ਰਹਿਣ ਵਾਲੇ ਵਿਅਕਤੀ ਦੀ ਦੋ ਦਿਨ ਪਹਿਲਾਂ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਸਿਹਤ ਵਿਭਾਗ ਵੱਲੋਂ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਸਮਾਜਿਕ ਸੰਪਰਕ ਵਿੱਚ ਆਏ ਲੋਕਾਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ ਵਿੱਚੋਂ ਅੱਜ 6 ਵਿਅਕਤੀਆਂ ਦੀਆਂ ਰਿਪੋਰਟਾਂ ਕਰੋਨਾ ਪਾਜ਼ੇਟਿਵ ਆਈਆਂ ਹਨ। ਇਨ੍ਹਾਂ ਵਿੱਚੋਂ ਪੰਜ ਵਿਅਕਤੀ ਸੈਕਟਰ-16 ਦੇ ਵਸਨੀਕ ਹਨ ਤੇ ਇਕ ਵਿਅਕਤੀ ਪਿੰਡ ਧਨਾਸ ਦਾ ਰਹਿਣ ਵਾਲਾ ਹੈ। ਇਸੇ ਦੌਰਾਨ ਸ਼ਹਿਰ ਵਿੱਚ ਚਾਰ ਮਰੀਜ਼ ਠੀਕ ਹੋਣ ਉਪਰੰਤ ਡਿਸਚਾਰਜ ਕਰ ਦਿੱਤੇ ਗਏ ਹਨ। ਡਿਸਚਾਰਜ ਕੀਤੇ ਗਏ ਮਰੀਜ਼ ਬਾਪੂ ਧਾਮ ਕਾਲੋਨੀ ਦੇ ਵਸਨੀਕ ਹਨ ਜਿਨ੍ਹਾਂ ਨੂੰ ਸੈਕਟਰ-22 ਦੀ ਸੂਦ ਧਰਮਸ਼ਾਲਾ ਵਿੱਚ ਭੇਜਿਆ ਗਿਆ ਹੈ। ਚੰਡੀਗੜ੍ਹ ਵਿੱਚ ਕਰੋਨਾ ਦਾ ਕੁੱਲ ਅੰਕੜਾ 334 ਹੋ ਗਿਆ ਹੈ ਜਿਨ੍ਹਾਂ ਵਿੱਚੋਂ ਹੁਣ ਤੱਕ 5 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਕੁੱਲ 293 ਮਰੀਜ਼ ਡਿਸਚਾਰਜ ਕੀਤੇ ਜਾ ਚੁੱਕੇ ਹਨ ਤੇ ਐਕਟਿਵ ਕੇਸਾਂ ਦੀ ਗਿਣਤੀ 36 ਹੈ।
ਡੇਰਾਬੱਸੀ (ਹਰਜੀਤ ਸਿੰਘ): ਖੇਤਰ ਵਿੱਚ ਕਰੋਨਾ ਦੇ ਤਿੰਨ ਮਰੀਜ਼ ਹੋਰ ਸਾਹਮਣੇ ਆਏ ਹਨ। ਇਸ ਤਰ੍ਹਾਂ ਜ਼ਿਲ੍ਹਾ ਮੁਹਾਲੀ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ 143 ਹੋ ਗਈ ਹੈ। ਸਿਵਲ ਸਰਜਨ (ਮੁਹਾਲੀ) ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸਾਹਮਣੇ ਆਏ ਤਿੰਨ ਮਰੀਜ਼ਾਂ ਵਿੱਚ ਗੁਲਾਬਗੜ੍ਹ ਰੋਡ ’ਤੇ ਸਥਿਤ ਪ੍ਰੀਤ ਨਗਰ ਗਲੀ ਨੰਬਰ-6 ਦਾ ਵਸਨੀਕ ਰਜਿੰਦਰ ਸਿੰਘ (67), ਰਾਮਜੀਤ ਸਿੰਘ (25) ਵਾਸੀ ਸ਼ਿਵਮ ਕੰਪਲੈਕਸ ਅਤੇ ਨਗਮਾ (22) ਵਾਸੀ ਪਿੰਡ ਬੇਹੜਾ ਸ਼ਾਮਲ ਹਨ। ਇਨ੍ਹਾਂ ਮਰੀਜ਼ਾਂ ਨੂੰ ਬਨੂੜ ਦੇ ਗਿਆਨ ਸਾਗਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਬੰਧਤ ਮਰੀਜ਼ਾਂ ਦੇ ਖੇਤਰ ਸੀਲ ਕਰ ਕੇ ਪਰਿਵਾਰਕ ਮੈਂਬਰਾਂ ਦੇ ਸੈਪਲ ਜਾਂਚ ਲਈ ਭੇਜੇ ਗਏ ਹਨ। ਡੇਰਾਬੱਸੀ ਸਿਵਲ ਹਸਪਤਾਲ ਦੇ ਨੋਡਲ ਅਫਸਰ ਡਾ. ਐੱਚ.ਐੱਚ. ਚੀਮਾ ਨੇ ਦੱਸਿਆ ਕਿ ਰਾਮਜੀਤ ਸਿੰਘ ਲੰਘੇ ਦਿਨੀਂ ਮਥੁਰਾ ਤੋਂ ਵਾਪਸ ਆਇਆ ਸੀ ਜਿਸ ਦਾ 9 ਜੂਨ ਨੂੰ ਸਿਹਤ ਵਿਭਾਗ ਨੇ ਸੈਂਪਲ ਲਿਆ ਸੀ ਅਤੇ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸੇ ਦੌਰਾਨ ਰਜਿੰਦਰ ਸਿੰਘ ਅਤੇ ਨਗਮਾ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ।
ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਇਲਾਕੇ ਵਿੱਚ ਕਰੋਨਾ ਦੇ ਚਾਰ ਹੋਰ ਮਰੀਜ਼ ਸਾਹਮਣੇ ਆਏ ਹਨ। ਵੇਰਵਿਆਂ ਅਨੁਸਾਰ ਮਾਤਾ ਮਾਨਸਾ ਦੇਵੀ ਕੰਪਲੈਕਸ ਸੈਕਟਰ-5 ਵਿੱਚੋਂ ਤਿੰਨ ਕੇਸ ਜਦੋਂ ਕਿ ਇਥੋਂ ਦੇ ਸੈਕਟਰ-19 ਦੇ ਪਿੰਡ ਅਭੈਪੁਰ ਵਿੱਚ ਕਰੋਨਾ ਦਾ ਇਕ ਕੇਸ ਸਾਹਮਣੇ ਆਇਆ ਹੈ। ਇਨ੍ਹਾਂ ਚਾਰਾਂ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਇਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਕੁਆਰਨਟਾਈਨ ਕੀਤਾ ਗਿਆ ਹੈ। ਇਨ੍ਹਾਂ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਸੈਕਟਰ 10 ਦੇ ਜਿਸ ਨਰਸਿੰਗ ਹੋਮ ਵਿੱਚ ਡਲਿਵਰੀ ਤੋਂ ਬਾਅਦ ਮਹਿਲਾ ਦਾ ਕਰੋਨਾ ਟੈਸਟ ਪਾਜ਼ੇਟਿਵ ਆਇਆ ਸੀ, ਉਸ ਨਰਸਿੰਗ ਹੋਮ ਨੂੰ ਦੋ ਦਿਨਾਂ ਲਈ ਬੰਦ ਕੀਤਾ ਗਿਆ ਹੈ। ਮਹਿਲਾ ਅਤੇ ਨਵਜੰਮੇ ਬੱਚੇ ਨੂੰ ਪੰਚਕੂਲਾ ਦੇ ਸਰਕਾਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ ਕੀਤਾ ਗਿਆ ਹੈ।
ਬਨੂੜ (ਕਰਮਜੀਤ ਸਿੰਘ ਚਿੱਲਾ): ਨੱਗਲ ਸਲੇਮਪੁਰ ਦੀ 23 ਸਾਲਾ ਕਰੋਨਾ ਪੀੜਤ ਮਹਿਲਾ ਸੁਮਨ ਰਾਣੀ ਦੇ ਨਵਜਾਤ ਲੜਕੇ ਦੀ ਕਰੋਨਾ ਰਿਪੋਰਟ ਨੈਗੇਟਿਵ ਆਈ ਹੈ। ਗਿਆਨ ਸਾਗਰ ਦੇ ਮੈਡੀਕਲ ਸੁਪਰਡੈਂਟ ਡਾ. ਐੱਸਪੀਐੱਸ ਗੁਰਾਇਆ ਨੇ ਦੱਸਿਆ ਕਿ ਬੱਚੇ ਦੀ ਮਾਂ ਦਾ ਵੀ ਟੈਸਟ ਕਰਾਇਆ ਗਿਆ ਸੀ ਜੋ ਕਿ ਨੈਗੇਟਿਵ ਆਇਆ ਹੈ। ਉਨ੍ਹਾਂ ਕਿਹਾ ਕਿ ਤਿੰਨ ਦਿਨ ਬਾਅਦ ਇੱਕ ਵਾਰ ਫਿਰ ਜੱਚਾ ਅਤੇ ਬੱਚਾ ਦੇ ਟੈਸਟ ਕਰਾਏ ਜਾਣਗੇ ਅਤੇ ਰਿਪੋਰਟ ਨੈਗੇਟਿਵ ਆਉਣ ’ਤੇ ਬੱਚੇ ਨੂੰ ਮਾਂ ਦੇ ਸਪੁਰਦ ਕਰ ਦਿੱਤਾ ਜਾਵੇਗਾ।
ਨੰਗਲ (ਰਾਕੇਸ਼ ਸੈਣੀ): ਅੱਜ ਨੰਗਲ ਸ਼ਹਿਰ ਵਿੱਚ ਤਿੰਨ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸਿਵਲ ਸਰਜਨ ਰੂਪਨਗਰ ਡਾ.ਐਚ.ਐਨ ਸ਼ਰਮਾ ਨੇ ਦੱਸਿਆ ਕਿ 31 ਮਈ ਨੂੰ ਰਾਜ ਕੁਮਾਰ ਆਗਰਾ ਤੋਂ ਨੰਗਲ ਪਹੁੰਚਿਆ ਸੀ। ਊਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਸਿਹਤ ਵਿਭਾਗ ਨੇ ਰਾਜ ਕੁਮਾਰ ਨਾਲ ਰਹਿੰਦੇ ਸਾਥੀਆਂ ਸ਼ਿਵਮ ਕੁਮਾਰ, ਜੋਗਿੰਦਰ ਪਰਮਾਰ ਅਤੇ ਕਹਿਰੀ ਸਿੰਘ ਦੇ ਸੈਂਪਲ ਲਏ ਗਏ ਸਨ ਜਿੰਨਾਂ ਦੀ ਅੱਜ ਰਿਪੋਰਟ ਪਾਜ਼ੇਟਿਵ ਆਈ ਹੈ।
ਵਾਇਰਸ ਕਾਰਨ ਮੁਟਿਆਰ ਨੇ ਤੋੜਿਆ ਦਮ
ਅੰਬਾਲਾ (ਰਤਨ ਸਿੰਘ ਢਿੱਲੋਂ): ਕਰੋਨਾ ਵਾਇਰਸ ਕਾਰਨ ਅੰਬਾਲਾ ਛਾਉਣੀ ਵਿਚ ਅੱਜ 23 ਸਾਲਾਂ ਦੀ ਲੜਕੀ ਦੀ ਮੌਤ ਹੋ ਗਈ। ਉਹ ਦਿੱਲੀ ਦੀ ਰਹਿਣ ਵਾਲੀ ਸੀ ਅਤੇ ਆਪਣੀ ਮਾਂ ਤੇ ਭਰਾ ਨਾਲ 4 ਜੂਨ ਨੂੰ ਕਾਰ ਰਾਹੀਂ ਇਥੇ ਤੋਪਖਾਨਾ ਮਾਲੀ ਪਰੇਡ ਵਿਚ ਆਪਣੀ ਨਾਨੀ ਕੋਲ ਆਈ ਸੀ। ਕੋਵਿਡ-19 ਦੇ ਨੋਡਲ ਅਧਿਕਾਰੀ ਨੇ ਦੱਸਿਆ ਕਿ ਲੜਕੀ ਟੀਬੀ ਤੋਂ ਪੀੜਤ ਸੀ ਅਤੇ ਉਸ ਦੇ ਫੇਫੜੇ ਕਾਫੀ ਖਰਾਬ ਸਨ। ਇਸੇ ਦੌਰਾਨ ਅੰਬਾਲਾ ਜ਼ਿਲ੍ਹੇ ਵਿਚ ਅੱਜ 24 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਪੰਜ ਮਰੀਜ਼ ਦਿੱਲੀ ਤੋਂ ਆਏ ਹਨ, 6 ਕਾਲਾ ਅੰਬ ਦੀ ਫੈਕਟਰੀ ਵਿਚ ਕੰਮ ਕਰਨ ਵਾਲੇ ਸਿਰਮੌਰ ਦੇ ਨੌਜਵਾਨ ਦੇ ਸੰਪਰਕੀ ਹਨ। 3 ਮਰੀਜ਼ ਜਿਸ ਮਹਿਲਾ ਦੀ ਮੌਤ ਹੋਈ ਹੈ, ਉਸ ਦੇ ਪਰਿਵਾਰ ਵਿਚੋਂ ਹਨ ਜੋ ਦਿੱਲੀਉਂ ਆਏ ਸਨ। ਸ਼ਾਸਤਰੀ ਕਲੋਨੀ ਦੀ ਮਹਿਲਾ ਮੁੰਬਈ ਤੋਂ ਆਈ ਸੀ ਅਤੇ ਬਰਾੜਾ ਵਾਸੀ ਮਰੀਜ਼ ਦਿੱਲੀਉਂ ਆਇਆ ਸੀ।