ਮੁੱਖ ਅੰਸ਼
- ਇੰਜਨੀਅਰਿੰਗ ਵਿਭਾਗ ਨੇ ਸਿੱਖਿਆ ਵਿਭਾਗ ਨੂੰ ਲਿਖਿਆ ਪੱਤਰ
- ਕੇਂਦਰ ਸਰਕਾਰ ਨੇ ਬਕਾਇਆ ਰਸੋਈਆਂ ਮੁਕੰਮਲ ਕਰਨ ਦੇ ਦਿੱਤੇ ਸਨ ਨਿਰਦੇਸ਼
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 21 ਫਰਵਰੀ
ਕਰੋਨਾ ਨੇ ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਮਿੱਡ-ਡੇਅ ਮੀਲ ਰਸੋਈਆਂ ਬਣਾਉਣ ਦੇ ਕੰਮ ਨੂੰ ਬਰੇਕਾਂ ਲਾ ਦਿੱਤੀਆਂ ਹਨ। ਕੇਂਦਰ ਸਰਕਾਰ ਨੇ ਯੂਟੀ ਨੂੰ ਨਵੇਂ ਫੰਡ ਜਾਰੀ ਕਰਨ ਤੋਂ ਇਹ ਕਹਿੰਦਿਆਂ ਨਾਂਹ ਕਰ ਦਿੱਤੀ ਸੀ ਕਿ ਪਹਿਲਾਂ ਉਹ ਬਕਾਇਆ ਰਹਿੰਦੀਆਂ ਮਿੱਡ-ਡੇਅ ਮੀਲ ਰਸੋਈਆਂ ਦਾ ਨਿਰਮਾਣ 31 ਦਸੰਬਰ 2021 ਤੱਕ ਮੁਕੰਮਲ ਕਰੇ। ਇਸ ਤੋਂ ਬਾਅਦ ਯੂਟੀ ਦੇ ਸਿੱਖਿਆ ਵਿਭਾਗ ਨੇ ਇੰਜਨੀਅਰਿੰਗ ਵਿਭਾਗ ਨੂੰ ਇਨ੍ਹਾਂ ਰਸੋਈਆਂ ਨੂੰ ਜਲਦੀ ਮੁਕੰਮਲ ਕਰਨ ਲਈ ਪੱਤਰ ਲਿਖਿਆ ਸੀ ਪਰ ਇੰਜਨੀਅਰਿੰਗ ਵਿਭਾਗ ਨੇ 18 ਫਰਵਰੀ ਨੂੰ ਡਾਇਰੈਕਟਰ ਸਕੂਲ ਐਜੂਕੇਸ਼ਨ ਨੂੰ ਜਵਾਬ ਭੇਜਿਆ ਹੈ ਕਿ ਕਰੋਨਾ ਕਾਰਨ ਇਨ੍ਹਾਂ ਰਸੋਈਆਂ ਦਾ ਕੰਮ ਪ੍ਰਭਾਵਿਤ ਹੋਈਆਂ ਹਨ ਪਰ ਇਸ ਕੰਮ ਨੂੰ ਜਲਦੀ ਨੇਪਰੇ ਚਾੜ੍ਹਿਆ ਜਾਵੇਗਾ। ਸਿੱਖਿਆ ਦਾ ਅਧਿਕਾਰ ਐਕਟ ਤਹਿਤ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਿੱਡ-ਡੇਅ ਮੀਲ ਦਿੱਤਾ ਜਾਂਦਾ ਹੈ। ਚੰਡੀਗੜ੍ਹ ਦੇ ਸੱਤ ਸਕੂਲ ਮਿਡ ਡੇਅ ਮੀਲ ਬਣਾਉਂਦੇ ਹਨ ਜੋ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਸਕੂਲਾਂ ਲਈ ਖਾਣਾ ਤਿਆਰ ਕਰਦੇ ਹਨ ਜਦਕਿ ਬਾਕੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਿਟਕੋ ਦੇ ਸ਼ਿਵਾਲਿਕ ਵਿਊ, ਚੰਡੀਗੜ੍ਹ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਸੈਕਟਰ-42 ਤੇ ਅੰਬੇਡਕਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਸੈਕਟਰ-42 ਤੋਂ ਖਾਣਾ ਤਿਆਰ ਕਰਵਾਇਆ ਜਾਂਦਾ ਹੈ। ਜਾਣਕਾਰੀ ਅਨੁਸਾਰ ਕਰੋਨਾ ਮਹਾਮਾਰੀ ਤੋਂ ਬਾਅਦ ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਮਿੱਡ-ਡੇਅ ਮੀਲ ਬੰਦ ਹੋ ਗਿਆ ਸੀ ਤੇ ਕੇਂਦਰ ਦੀ ਯੋਜਨਾ ਤਹਿਤ ਵਿਦਿਆਰਥੀਆਂ ਨੂੰ ਸੁੱਕਾ ਰਾਸ਼ਨ ਦਿੱਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਮਿੱਡ-ਡੇਅ ਮੀਲ ਤਿਆਰ ਕਰਨ ਵਾਲੀਆਂ ਅੱਠ ਨਵੀਆਂ ਰਸੋਈਆਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-12,20,29, 40, ਕਰਸਾਨ, ਧਨਾਸ, ਰਾਏਪੁਰ ਕਲਾਂ ਤੇ ਮਨੀਮਾਜਰਾ ਪਾਕੇਟ ਨੰਬਰ ਅੱਠ ਹਨ।
ਖੀਰ ਤੇ ਨਮਕੀਨ ਦਲੀਆ ਦੇਣ ਦੀ ਯੋਜਨਾ
ਕਰੋਨਾ ਕਾਰਨ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਦੁੱਧ ਅੰਡੇ ਤੇ ਪਨੀਰ ਦੇਣ ਦਾ ਪ੍ਰਾਜੈਕਟ ਵੀ ਲਟਕ ਗਿਆ ਹੈ। ਇਸ ਵੇਲੇ ਵਿਭਾਗ ਵੱਲੋਂ ਖੀਰ ਦੇ ਨਾਲ ਨਮਕੀਨ ਦਲੀਆ ਦੇਣ ਦੀ ਯੋਜਨਾ ਚੱਲ ਰਹੀ ਹੈ। ਨਮਕੀਨ ਦਲੀਏ ਵਿੱਚ ਹਰੀਆਂ ਸਬਜ਼ੀਆਂ ਤੋਂ ਇਲਾਵਾ ਨਿਊਟਰੀ ਵੀ ਪਰੋਸੀ ਜਾਵੇਗੀ। ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਲ 2019 ਵਿਚ ਅੰਡੇ ਤੇ ਪਨੀਰ ਦੇਣ ਦਾ ਪ੍ਰਾਜੈਕਟ ਤਿਆਰ ਕੀਤਾ ਗਿਆ ਸੀ ਜੋ ਅਮਲ ਵਿੱਚ ਨਹੀਂ ਆ ਸਕਿਆ। ਡਾਇਰੈਕਟਰ ਸਕੂਲ ਐਜੂਕੇਸ਼ਨ ਪਾਲਿਕਾ ਅਰੋੜਾ ਨੇ ਦੱਸਿਆ ਕਿ ਮਿਡ-ਡੇਅ ਮੀਲ ਰਸੋਈਆਂ ਜਲਦੀ ਤਿਆਰ ਕਰਨ ਲਈ ਕਿਹਾ ਗਿਆ ਹੈ।