ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 19 ਜੂਨ
ਯੂਟੀ ਦੇ ਨਿੱਜੀ ਤੇ ਸਰਕਾਰੀ ਸਕੂਲ ਕਰੋਨਾ ਕਾਰਨ ਅੱਗ ਬੁਝਾਉਣ ਦੇ ਬੰਦੋਬਸਤ ਕਰਨਾ ਹੀ ਭੁੱਲ ਗਏ ਹਨ। ਸਕੂਲਾਂ ਨੇ ਇਨ੍ਹਾਂ ਦੋ ਸਾਲਾਂ ਵਿਚ ਨਾ ਹੀ ਅੱਗ ਬੁਝਾਊ ਯੰਤਰਾਂ ਦੀ ਜਾਂਚ ਕਰਵਾਈ ਹੈ ਤੇ ਨਾ ਹੀ ਸਕੂਲ ਖੇਤਰ ਵਿਚ ਬਣਦੇ ਪ੍ਰਬੰਧ ਕੀਤੇ ਹਨ ਜਿਸ ਕਾਰਨ ਫਾਇਰ ਵਿਭਾਗ ਨੇ ਸਕੂਲਾਂ ਨੂੰ ਨੋਟਿਸ ਜਾਰੀ ਕੀਤੇ ਹਨ ਤੇ ਨਾਲ ਹੀ ਕਿਹਾ ਹੈ ਕਿ ਉਹ 30 ਦਿਨਾਂ ਦੇ ਅੰਦਰ ਇਸ ਸਬੰਧੀ ਕਾਰਵਾਈ ਮੁਕੰਮਲ ਕਰਵਾਉਣ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਸਕੂਲ ਹਰ ਸਾਲ ਅੱਗ ਬੁਝਾਉਣ ਦੇ ਇੰਤਜ਼ਾਮ ਕਰਦੇ ਹਨ ਤੇ ਸਕੂਲਾਂ ਵਿਚ ਫਾਇਰ ਸੇਫਟੀ ਉਪਕਰਨਾਂ ਦਾ ਰੱਖ ਰਖਾਅ ਵੀ ਯਕੀਨੀ ਬਣਾਉਂਦੇ ਹਨ ਪਰ ਵਿਦਿਆਰਥੀਆਂ ਦੇ ਸਕੂਲ ਨਾ ਆਉਣ ਕਾਰਨ ਸਕੂਲਾਂ ਨੇ ਕੋਈ ਪ੍ਰਬੰਧ ਨਹੀਂ ਕੀਤੇ। ਫਾਇਰ ਵਿਭਾਗ ਦੇ ਅਧਿਕਾਰੀ ਨੇ ਨੋਟਿਸ ਜਾਰੀ ਕਰਨ ਵਾਲੇ ਸਕੂਲਾਂ ਦੀ ਗਿਣਤੀ ਦੱਸਣ ਤੋਂ ਇਨਕਾਰ ਕਰਦਿਆਂ ਦੱਸਿਆ ਕਿ ਭਾਵੇਂ ਵਿਦਿਆਰਥੀ ਸਕੂਲ ਨਹੀਂ ਆ ਰਹੇ ਪਰ ਅਧਿਆਪਕਾਂ ਤੇ ਸਟਾਫ ਨੂੰ ਤਾਂ ਸਕੂਲ ਸੱਦਿਆ ਹੀ ਜਾ ਰਿਹਾ ਹੈ ਜਿਸ ਕਰ ਕੇ ਪੂਰੇ ਇੰਤਜ਼ਾਮ ਕਰਨੇ ਬਣਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਵੀ ਪੱਤਰ ਲਿਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਸੈਕਟਰਾਂ ਵਿਚਲੇ ਸਕੂਲ ਸੈਕਟਰ-11 ਦੇ ਫਾਇਰ ਅਫ਼ਸਰ ਕੋਲ ਫਾਇਰ ਸੇਫਟੀ ਸਰਟੀਫਿਕੇਟ ਲੈਣ ਲਈ ਆਨਲਾਈਨ ਦਰਖ਼ਾਸਤ ਕਰਨਗੇ ਜਦੋਂਕਿ ਪਿੰਡਾਂ ਵਿਚਲੇ ਸਕੂਲ ਨਗਰ ਨਿਗਮ ਕੋਲ ਪਹੁੰਚ ਕਰਨ ਅਤੇ ਜਾਂਚ ਕਰਵਾਉਣ।
ਸੈਕਟਰ-37 ਦੇ ਇਕ ਪ੍ਰਾਈਵੇਟ ਸਕੂਲ ਦੀ ਅਧਿਆਪਕਾ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿਚ ਅੱਗ ਬੁਝਾਉਣ ਦੇ ਸਾਰੇ ਯੰਤਰ ਨਕਾਰਾ ਪਏ ਹਨ ਤੇ ਅੱਗ ਬੁਝਾਊ ਯੰਤਰਾਂ ’ਤੇ ਰੱਖ ਰਖਾਅ ਦੀ ਤਾਰੀਖ਼ ਜੂਨ 2017 ਦੱਸੀ ਗਈ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਸਕੂਲ ਨੇ ਚਾਰ ਸਾਲਾਂ ਤੋਂ ਸਕੂਲ ਵਿਚ ਸੁਰੱਖਿਆ ਦੇ ਪ੍ਰਬੰਧ ਨਹੀਂ ਕੀਤੇ, ਇਸ ਕਰ ਕੇ ਵਿਭਾਗ ਨੂੰ ਅਧਿਆਪਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਾਰਵਾਈ ਕਰਨੀ ਚਾਹੀਦੀ ਹੈ।
ਸਕੂਲਾਂ ਨੂੰ ਜਾਂਚ ਕਰਵਾਉਣ ਲਈ ਕਿਹਾ: ਡੀਈਓ
ਡੀਈਓ ਨੀਨਾ ਕਾਲੀਆ ਨੇ ਦੱਸਿਆ ਕਿ ਉਨ੍ਹਾਂ ਸਕੂਲਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ ਕਿ ਜਿਹੜੇ ਸਕੂਲਾਂ ਨੇ ਪਹਿਲੇ ਕਦੇ ਸੇਫਟੀ ਸਰਟੀਫਿਕੇਟ ਹਾਸਲ ਨਹੀਂ ਕੀਤਾ ਉਹ ਫਾਇਰ ਵਿਭਾਗ ਨੂੰ ਆਨਲਾਈਨ ਦਰਖ਼ਾਸਤ ਕਰਨ। ਫਾਇਰ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਗਲੇ ਮਹੀਨੇ ਤੋਂ ਸਕੂਲਾਂ ਦੀ ਜਾਂਚ ਕੀਤੀ ਜਾਵੇਗੀ ਤੇ ਜਿਹੜੇ ਸਕੂਲਾਂ ਨੇ ਸੁਰੱਖਿਆ ਨਿਯਮਾਂ ਨੂੰ ਲਾਗੂ ਨਹੀਂ ਕੀਤਾ ਉਨ੍ਹਾਂ ਸਕੂਲਾਂ ਖ਼ਿਲਾਫ਼ ਐਕਟ ਅਨੁਸਾਰ ਕਾਰਵਾਈ ਕੀਤੀ ਜਾਵੇਗੀ।