ਕੁਲਦੀਪ ਸਿੰਘ
ਚੰਡੀਗੜ੍ਹ, 21 ਜੁਲਾਈ
ਸਿਟੀ ਬਿਊਟੀਫੁੱਲ ਵਿੱਚ ਪੀਜੀਆਈ ਅਤੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਦੇ 5 ਸਟਾਫ਼ ਮੈਂਬਰਾਂ ਸਮੇਤ 14 ਵਿਅਕਤੀਆਂ ਨੂੰ ਕਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਇਸ ਤਰ੍ਹਾਂ ਚੰਡੀਗੜ੍ਹ ਵਿੱਚ ਕਰੋਨਾ ਪੀੜਤਾਂ ਦਾ ਕੁੱਲ ਅੰਕੜਾ ਵੱਧ ਕੇ 751 ਹੋ ਗਿਆ ਹੈ।
ਯੂਟੀ ਦੇ ਸਿਹਤ ਵਿਭਾਗ ਮੁਤਾਬਕ ਅੱਜ ਆਏ ਨਵੇਂ ਕੇਸਾਂ ਵਿੱਚ ਪੀਜੀਆਈ ਵਿਚ ਤਾਇਨਾਤ ਤਿੰਨ ਮਹਿਲਾ ਸਟਾਫ਼ ਨਰਸਾਂ ਅਤੇ ਇਕ ਪੁਰਸ਼ ਸਟਾਫ਼ਰ ਸ਼ਾਮਲ ਹਨ। ਤਿੰਨੋਂ ਨਰਸਾਂ ਸੈਕਟਰ-15 ਦੀਆਂ ਵਸਨੀਕ ਹਨ ਅਤੇ ਪੁਰਸ਼ ਸਟਾਫ਼ਰ ਸੈਕਟਰ-9 ਦਾ ਰਹਿਣ ਵਾਲਾ ਹੈ। ਸਰਕਾਰੀ ਹਸਪਤਾਲ ਸੈਕਟਰ-32 ਦੀ ਸਟਾਫ਼ ਨਰਸ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ ਜੋ ਕਿ ਸੈਕਟਰ-32 ਦੀ ਵਸਨੀਕ ਹੈ। ਇਸੇ ਤਰ੍ਹਾਂ ਪਿੰਡ ਦੜੂਆ ਦਾ ਵਸਨੀਕ ਅਤੇ ਦੋ ਔਰਤਾਂ, ਸੈਕਟਰ 41 ਵਿਚ ਇਕੋ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਕਰੋਨਾ ਹੋਇਆ ਹੈ ਜਿਨ੍ਹਾਂ ਵਿੱਚ ਡੇਢ ਸਾਲ ਤੇ 11 ਸਾਲਾਂ ਦੀਆਂ ਦੋ ਲੜਕੀਆਂ ਤੇ ਦੋ ਔਰਤਾਂ ਸ਼ਾਮਲ ਹਨ। ਇਸ ਤੋਂ ਇਲਾਵਾ ਸੈਕਟਰ-9 ਦਾ ਨੌਜਵਾਨ ਤੇ 72 ਸਾਲਾਂ ਦਾ ਬਿਰਧ, ਪਿੰਡ ਬਹਿਲਾਣਾ ਵਾਸੀ ਤੇ ਸੈਕਟਰ-29 ਵਾਸੀ ਲੜਕੇ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਚੰਡੀਗੜ੍ਹ ਵਿੱਚ ਹੁਣ ਤੱਕ 518 ਮਰੀਜ਼ ਡਿਸਚਾਰਜ ਹੋ ਚੁੱਕੇ ਹਨ ਅਤੇ 12 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 221 ਹੈ।
ਪੰਚਕੂਲਾ ਜ਼ਿਲ੍ਹੇ ਵਿੱਚ 47 ਹੋਰ ਕੇਸ ਪਾਜ਼ੇਟਿਵ
ਪੰਚਕੂਲਾ (ਪੀਪੀ ਵਰਮਾ): ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਅਹੂਜਾ ਨੇ ਦੱਸਿਆ ਹੈ ਕਿ ਪੰਚਕੂਲਾ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਦੇ 47 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 29 ਕੇਸ ਪੰਚਕੂਲਾ ਇਲਾਕੇ ਨਾਲ ਸਬੰਧਤ ਹਨ ਅਤੇ ਦੋ ਕੇਸ ਆਈਟੀਬੀਪੀ ਭਾਨੂੰ ਨਾਲ ਸਬੰਧਤ ਹਨ। ਵੇਰਵਿਆਂ ਅਨੁਸਾਰ ਸੈਕਟਰ-9, ਨੱਗਲ, ਜਾਸਪੁਰ, ਟੋਡਾ, ਨਵਾਂਗਾਂਵ, ਮੌਲੀ, ਟਾਗਰਾ, ਟਿਪਰਾ, ਸੈਕਟਰ-8, ਸੈਕਟਰ-16, ਸੈਕਟਰ-10 ਵਿੱਚ ਇਕ-ਇਕ ਕਰੋਨਾ ਪਾਜ਼ੇਟਿਵ ਮਾਮਲਾ ਸਾਹਮਣੇ ਆਇਆ ਹੈ। ਇਸੇ ਤਰ੍ਹਾਂ ਆਸ਼ੀਆਨਾ ਫੇਜ਼-1, ਸੈਕਟਰ-20 ਵਿੱਚ ਕਰੋਨਾ ਦੇ ਦੋ-ਦੋ ਕੇਸ ਪਾਜ਼ੇਟਿਵ ਮਿਲੇ ਹਨ। ਇਸ ਤੋਂ ਇਲਾਵਾ ਆਟੀਟੀਬੀਪੀ ਵਿੱਚ 7 ਜਵਾਨ, ਬਰਵਾਲਾ ਵਿੱਚ ਸੱਤ ਵਿਅਕਤੀ ਕਰੋਨਾ ਪਾਜ਼ੇਟਿਵ ਮਿਲੇ ਹਨ। ਇਨ੍ਹਾਂ ਵਿੱਚ 4 ਆਸ਼ਾ ਵਰਕਰਜ਼ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 280 ਮਰੀਜ਼ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਜਿਨ੍ਹਾਂ ਵਿੱਚੋਂ 136 ਲੋਕ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਇਸੇ ਦੌਰਾਨ ਪ੍ਰਸ਼ਾਸਨ ਵੱਲੋਂ ਸੈਕਟਰ-9 ਅਤੇ ਇੰਡਸਟਰੀਅਲ ਏਰੀਆ ਫੇਜ਼-1 ਨੂੰ ਕੰਟੇਨਮੈਂਟ ਏਰੀਆ ਐਲਾਨਿਆ ਗਿਆ ਹੈ। ਇਕ ਵੱਖਰੀ ਜਾਣਕਾਰੀ ਅਨੁਸਾਰ ਪੰਚਕੂਲਾ ਆਈਟੀਬੀਪੀ ਕੈਂਪ ਦੇ ਜਵਾਨ, ਜੋ ਛੁੱਟੀ ਤੋਂ ਬਾਅਦ ਡਿਊਟੀ ’ਤੇ ਆ ਰਹੇ ਹਨ, ਉਨ੍ਹਾਂ ਨੂੰ ਕੁਆਰਟਾਈਨ ਕੀਤਾ ਜਾ ਰਿਹਾ ਹੈ ਤੇ ਕਰੋਨਾ ਟੈਸਟ ਵੀ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਜੀਤ ਕੌਰ ਦੇ ਦਿੱਤੀ ਹੈ।
ਮੁਹਾਲੀ ਜ਼ਿਲ੍ਹੇ ਵਿੱਚ 20 ਨਵੇਂ ਕੇਸ
ਮੁਹਾਲੀ (ਦਰਸ਼ਨ ਸਿੰਘ ਸੋਢੀ): ਮੁਹਾਲੀ ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 20 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 571 ਹੋ ਗਈ ਹੈ। ਹੁਣ ਤੱਕ ਜ਼ਿਲ੍ਹੇ ਵਿੱਚ 12 ਮੌਤਾਂ ਹੋ ਚੁੱਕੀਆਂ ਹਨ। ਅੱਜ 9 ਵਿਅਕਤੀਆਂ ਨੇ ਕਰੋਨਾ ਨੂੰ ਮਾਤ ਵੀ ਦਿੱਤੀ ਹੈ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਇੱਥੋਂ ਦੇ ਸੈਕਟਰ-126 ਦਾ ਵਸਨੀਕ, ਫੇਜ਼-6 ਦਾ ਬੱਚਾ, ਨੌਜਵਾਨ ਤੇ ਬਜ਼ੁਰਗ, ਫੇਜ਼-3ਬੀ1 ਦਾ 35 ਸਾਲਾਂ ਦਾ ਨੌਜਵਾਨ, ਫੇਜ਼-3ਬੀ2 ਦੀ ਔਰਤ, ਸੈਕਟਰ-69 ਵਾਸੀ ਪੁਰਸ਼, ਫੇਜ਼-9 ਦੀ ਮੁਟਿਆਰ, ਸੈਕਟਰ-66 ਦਾ ਨੌਜਵਾਨ ਅਤੇ ਸੈਕਟਰ-94 ਵਿੱਚ 37 ਸਾਲਾਂ ਦਾ ਪੁਰਸ਼ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇੰਜ ਹੀ ਪਿੰਡ ਬਲਟਾਣਾ ਦੀ 41 ਸਾਲਾਂ ਦੀ ਔਰਤ, ਜ਼ੀਰਕਪੁਰ ਦੇ ਦੋ ਪੁਰਸ਼, ਖਰੜ ਦੀ ਔਰਤ, ਸੰਨੀ ਐਨਕਲੇਵ ਦਾ ਨੌਜਵਾਨ, ਹੀਰਾ ਐਨਕਲੇਵ ਦੇ ਦੋ ਕੇਸ, ਸ਼ਿਵਜੋਤ ਐਨਕਲੇਵ ਦਾ 55 ਸਾਲਾਂ ਦਾ ਬਿਰਧ ਅਤੇ ਦੋ ਔਰਤਾਂ ਵੀ ਕਰੋਨਾ ਪੀੜਤ ਪਾਏ ਗਏ ਹਨ। ਇਸੇ ਦੌਰਾਨ ਫੇਜ਼-5 ਦੇ ਢਾਬੇ ਦੇ ਮਾਲਕ ਦ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਊਹ ਆਈਵੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।