ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਜੂਨ
ਇੱਥੇ ਕਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਨਾਲ ਸਬੰਧਤ ਪਹਿਲਾ ਕੇਸ ਮਿਲਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਦੱਸਿਆ ਕਿ ਯੂਟੀ ਵਿੱਚ ਮਈ ਤੇ ਜੂਨ ਮਹੀਨੇ ਵਿੱਚ ਲੋਕਾਂ ਦੇ ਲਏ ਗਏ 50 ਸੈਂਪਲਾਂ ਨੂੰ ਜੀਨੋਮ ਸੀਕੁਐਂਸਿੰਗ ਲਈ ਭੇਜਿਆ ਗਿਆ ਸੀ। ਪ੍ਰਸ਼ਾਸਨ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਜਿਹੜਾ ਵਿਅਕਤੀ ਕਰੋਨਾਵਾਇਰਸ ਦੇ ਡੈਲਟਾ ਪਲੱਸ ਵੇਰੀਐਂਟ ਨਾਲ ਪੀੜਤ ਮਿਲਿਆ ਹੈ, ਉਹ ਮੌਲੀ ਜਾਗਰਾਂ ਦਾ ਵਸਨੀਕ ਹੈ ਜਿਸਦੀ ਉਮਰ 35 ਸਾਲ ਹੈ। ਉਸ ਦੇ ਪਰਿਵਾਰਕ ਮੈਂਬਰਾਂ ਦੇ ਟੈਸਟ ਕੀਤੇ ਗਏ ਪਰ ਕਿਸੇ ਨੂੰ ਵੀ ਦਾਖਲ ਨਹੀਂ ਕੀਤਾ ਗਿਆ ਹੈ।
ਇਸੇ ਦੌਰਾਨ ਸਿਟੀ ਬਿਊਟੀਫੁੱਲ ਵਿੱਚ ਅੱਜ ਕਰੋਨਾ ਦੇ 20 ਨਵੇਂ ਪਾਜ਼ੇਟਿਵ ਕੇਸ ਮਿਲੇ ਹਨ ਜਦਕਿ 44 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ। ਸਿਹਤ ਵਿਭਾਗ ਅਨੁਸਾਰ ਸ਼ਹਿਰ ਵਿੱਚ 220 ਕਰੋਨਾ ਦੇ ਐਕਟਿਵ ਕੇਸ ਹਨ। ਅੱਜ ਸ਼ਹਿਰ ਦੇ ਸੈਕਟਰ-1, 9, 11, 19, 25, 26, 32, 45, 46, 47, ਡੱਡੂ ਮਾਜਰਾ, ਧਨਾਸ ਅਤੇ ਮਲੋਆ ਵਿੱਚ ਕਰੋਨਾ ਦੇ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।
ਰੂਪਨਗਰ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ ਇੱਕ ਵਿਅਕਤੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਮਿਲੀ ਜਦਕਿ ਦੋ ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਗਈ। ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਢਾਂਡਾ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਘਟ ਕੇ 73 ਰਹਿ ਗਈ ਹੈ ਜਦਕਿ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 412 ਹੋ ਗਈ ਹੈ।
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਡੀਸੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਮਹਾਮਾਰੀ ਦੇ 20 ਨਵੇਂ ਮਾਮਲੇ ਸਾਹਮਣੇ ਆਏ ਹਨ। ਅੱਜ 47 ਪੀੜਤ ਮਰੀਜ਼ ਠੀਕ ਹੋ ਕੇ ਆਪਣੇ ਘਰ ਪਹੁੰਚ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਇਕ ਹੋਰ ਕਰੋਨਾ ਪੀੜਤ ਦੀ ਮੌਤ ਹੋ ਗਈ।
ਪੰਚਕੂਲਾ (ਪੀ ਪੀ ਵਰਮਾ): ਪੰਚਕੂਲਾ ਵਿੱਚ 24 ਘੰਟਿਆਂ ਦੌਰਾਨ 19 ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਕਰੋਨਾ ਕਾਰਨ ਇੱਕ ਮੌਤ ਵੀ ਹੋਈ ਹੈ।