ਕਰੋਨਾ: ਚੰਡੀਗੜ੍ਹ ਵਿੱਚ ਹੁਣ ਰਾਤ 10.30 ਤੋਂ ਸਵੇਰੇ 5 ਤੱਕ ਕਰਫਿਊ

ਕਰੋਨਾ: ਚੰਡੀਗੜ੍ਹ ਵਿੱਚ ਹੁਣ ਰਾਤ 10.30 ਤੋਂ ਸਵੇਰੇ 5 ਤੱਕ ਕਰਫਿਊ

ਪੰਚਕੂਲਾ ਦੇ ਸਰਵਾਰੀ ਹਸਤਪਾਲ ਵਿੱਚ ਕਰੋਨਾਵਾਇਰਸ ਦੀ ਜਾਂਚ ਲਈ ਮਰੀਜ਼ਾਂ ਦੇ ਸੈਂਪਲ ਲੈਂਦੇ ਹੋਏ ਸਿਹਤ ਕਾਮੇ। -ਫੋਟੋ: ਰਵੀ ਕੁਮਾਰ

ਮੁੱਖ ਅੰਸ਼

  • ਐਮਰਜੈਂਸੀ ਵਾਹਨਾਂ, ਨਿਗਮ ਤੇ ਸਿਹਤ ਮੁਲਾਜ਼ਮਾਂ ਅਤੇ ਮਰੀਜ਼ਾਂ ਨੂੰ ਦਿੱਤੀ ਛੋਟ
  • ਨਿਯਮਾਂ ਦੀ ਪਾਲਣਾ ਲਈ ਸ਼ਹਿਰ ਵਿੱਚ ਧਾਰਾ 144 ਲਾਗੂ

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 7 ਅਪਰੈਲ

ਸ਼ਹਿਰ ਵਿੱਚ ਕਰੋਨਾਵਾਇਰਸ ਦੇ ਦਿਨੋਂ-ਦਿਨ ਵਧ ਰਹੇ ਕੇਸਾਂ ਨੂੰ ਨੱਥ ਪਾਉਣ ਲਈ ਯੂਟੀ ਪ੍ਰਸ਼ਾਸਨ ਵੱਲੋਂ ਅੱਜ ਤੋਂ ਰਾਤ 10.30 ਵਜੇ ਤੋਂ ਕਰਫਿਊ ਲਗਾ ਦਿੱਤਾ ਗਿਆ ਹੈ ਜੋ ਕਿ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਦੇ ਅਮਲੇ ਨੂੰ ਛੱਡ ਕੇ ਕਿਸੇ ਨੂੰ ਵੀ ਘਰੋਂ ਬਾਹਰ ਨਿਕਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗਾ। ਇਹ ਆਦੇਸ਼ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਜਾਰੀ ਕੀਤੇ ਹਨ। ਉਨ੍ਹਾਂ ਨੇ ਸ਼ਹਿਰ ਵਿੱਚ ਧਾਰਾ 144 ਲਗਾਉਂਦੇ ਹੋਏ ਪੁਲੀਸ ਨੂੰ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਹਨ।

ਸ੍ਰੀ ਬਰਾੜ ਨੇ ਦੱਸਿਆ ਕਿ ਸ਼ਹਿਰ ਵਿੱਚ ਰੈਸਟੋਰੇਂਟਾਂ, ਹੋਟਲਾਂ, ਕਲੱਬਾਂ ਨੂੰ ਸਮਰੱਥਾ ਨਾਲੋਂ 50 ਫ਼ੀਸਦ ਗਾਹਕਾਂ ਨਾਲ ਚਲਾਏ ਜਾਣਗੇ ਤੇ ਰਾਤ 10 ਵਜੇ ਬੰਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਰੈਸਟੋਰੇਂਟ, ਹੋਟਲ, ਕਲੱਬਾਂ ਵਿੱਚ ਆਖਰੀ ਆਰਡਰ 9 ਵਜੇ ਲਿਆ ਜਾਵੇਗਾ। 

ਇਸ ਤੋਂ ਬਾਅਦ ਜੇਕਰ ਕੋਈ ਦੁਕਾਨ ਖੁੱਲ੍ਹੀ ਦਿਖਾਈ ਦਿੰਦੀ ਹੈ ਤਾਂ ਉਸ ਦੇ ਮਾਲਕ ਖ਼ਿਲਾਫ਼ ਆਈਪੀਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਵੀ ਪ੍ਰਸ਼ਾਸਨਿਕ ਅਧਿਕਾਰੀ ਤਾਇਨਾਤ ਕੀਤੇ ਗਏ ਹਨ।

ਰਾਤ ਦੇ ਕਰਫਿਊ ਤੋਂ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਨਗਰ ਨਿਗਮ, ਸਿਹਤ ਕਰਮਜਾਰੀ, ਕਾਰਜਕਾਰੀ ਮੈਜਿਸਟਰੇਟ, ਪੁਲੀਸ, ਫੌਜ, ਸੀਆਈਰਪੀਐੱਫ, ਬਿਜਲੀ ਮੁਲਾਜ਼ਮ, ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਵੱਲੋਂ ਅਧਿਕਾਰਤ    ਪੱਤਰਕਾਰਾਂ ਨੂੰ ਛੋਟ ਦਿੱਤੀ ਗਈ ਹੈ ਜਦਕਿ ਸ਼ਹਿਰ ਵਿੱਚ ਹਸਪਤਾਲ, ਦਵਾਈ ਦੀਆਂ ਦੁਕਾਨਾਂ, ਏਟੀਐੱਮ 24 ਘੰਟੇ ਖੁੱਲ੍ਹੇ ਰਹਿਣਗੇ। 

ਕਰੋਨਾਵਾਇਰਸ ਦੇ ਪਸਾਰ ਨੂੰ ਰੋਕਣ ਲਈ ਸਰਕਾਰੀ ਸੇਵਾਵਾਂ ਵਿੱਚ ਤਾਇਨਾਤ ਮੁਲਾਜ਼ਮਾਂ ਨੂੰ ਵੀ ਢਿੱਲ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਕਰਫਿਊ ਦੌਰਾਨ ਆਉਣਾ-ਜਾਣਾ ਪੈਂਦਾ ਹੈ ਤਾਂ ਕਰਫਿਊ ਪਾਸ ਜਾਰੀ ਕੀਤੇ ਜਾਣਗੇ। ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ      ਲਗਾਏ ਜਾਣ ਵਾਲੇ ਰਾਤ ਦੇ ਕਰਫਿਊ ਦੌਰਾਨ ਅੰਤਰਰਾਜੀ ਆਵਾਜਾਈ ’ਤੇ ਕੋਈ ਪਾਬੰਦੀ ਨਹੀਂ ਲਗਾਈ ਹੈ। ਉਹ ਆਮ ਦਿਨਾਂ ਵਾਂਗ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਜਾਰੀ ਰਹੇਗੀ। 

ਪ੍ਰਸ਼ਾਸਨ ਨੇ ਬਾਕੀ ਲੋਕਾਂ ਨੂੰ ਸਮਾਜਿਕ ਦੁਰੀ ਦੇ ਨਿਯਮਾਂ ਦੀ ਪਾਲਣਾ ਅਤੇ ਮਾਸਕ ਦੀ ਵਰਤੋਂ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਦੌਰਾਨ ਇਹ ਵੀ ਕਿਹਾ ਗਿਆ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਂਲ ਨਪਟਿਆ ਜਾਵੇਗਾ ਤੇ ਕੋਈ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਚੰਡੀਗੜ੍ਹ ਵਿੱਚ ਦੋ ਤੇ ਮੁਹਾਲੀ ਜ਼ਿਲ੍ਹੇ ’ਚ ਸੱਤ ਮਰੀਜ਼ਾਂ ਦੀ ਮੌਤ

ਚੰਡੀਗੜ੍ਹ (ਪੱਤਰ ਪ੍ਰੇਰਕ): ਚੰਡੀਗੜ੍ਹ ਵਿੱਚ ਤੇਜ਼ੀ ਨਾਲ ਵਧ ਰਹੀ ਕਰੋਨਾਵਾਇਰਸ ਦੀ ਲਾਗ ਨੇ ਅੱਜ 399 ਹੋਰ ਵਿਅਕਤੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਦਕਿ ਦੋ ਮਰੀਜ਼ਾਂ ਦੀ ਅੱਜ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਸਨਅਤੀ ਖੇਤਰ ਫੇਜ਼-1 ਦੀ ਵਸਨੀਕ 62 ਸਾਲਾ ਔਰਤ ਦੀ ਜੀਐੱਮਐੱਚਐੱਚ-16 ਅਤੇ ਸੈਕਟਰ 45 ਦੇ ਵਸਨੀਕ 80 ਸਾਲਾ ਵਿਅਕਤੀ ਦੀ ਪੀਜੀਆਈ ਵਿੱਚ ਮੌਤ ਹੋ ਗਈ। ਇਹ ਦੋਵੇਂ ਮਰੀਜ਼ ਹੋਰਨਾਂ ਬਿਮਾਰੀਆਂ ਤੋਂ ਵੀ ਪੀੜਤ ਸਨ। 

ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਜ਼ਿਲ੍ਹਾ ਐੱਸਏਐੱਸ ਨਗਰ (ਮੁਹਾਲੀ) ਵਿੱਚ ਅੱਜ ਕਰੋਨਾਵਾਇਰਸ ਕਾਰਨ ਸੱਤ ਮਰੀਜ਼ਾਂ ਦੀ ਮੌਤ ਹੋ ਗਈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ ਕਰੋਨਾ ਦੇ 481 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 29 ਹਜ਼ਾਰ 518 ’ਤੇ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਇਕੱਲੇ ਮੁਹਾਲੀ ਸ਼ਹਿਰੀ ਖੇਤਰ ਵਿੱਚ 181 ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ ਜਦੋਂਕਿ ਲਾਲੜੂ ਵਿੱਚ 5, ਬਨੂੜ ਤੇ ਬੂਥਗੜ੍ਹ ਵਿੱਚ 6-6, ਕੁਰਾਲੀ ਵਿੱਚ 13, ਡੇਰਾਬੱਸੀ ਵਿੱਚ 32, ਘੜੂੰਆਂ ਵਿੱਚ 45, ਖਰੜ ਵਿੱਚ 91 ਅਤੇ ਢਕੋਲੀ ਵਿੱਚ 102 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ।

ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਜ਼ਿਲ੍ਹੇ ਵਿੱਚ ਅੱਜ ਕਰੋਨਾਵਾਇਰਸ ਦੇ 159 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਪੰਚਕੂਲਾ ਜ਼ਿਲ੍ਹੇ ਦੇ 107 ਮਰੀਜ਼ ਹਨ ਤੇ ਬਾਕੀ ਮਰੀਜ਼ ਦੂਸਰੇ ਜ਼ਿਲ੍ਹਿਆਂ ਜਾਂ ਰਾਜਾਂ ਦੇ ਹਨ। ਇਨ੍ਹਾਂ ਮਰੀਜ਼ਾਂ ਵਿੱਚ 44 ਔਰਤਾਂ ਅਤੇ 63 ਪੁਰਸ਼ ਸ਼ਾਮਲ ਹਨ। ਇਹ ਜਾਣਕਾਰੀ ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ  ਜ਼ਿਲ੍ਹੇ ਵਿੱਚ 1184 ਕੇਸ ਐਕਟਿਵ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All