ਆਤਿਸ਼ ਗੁਪਤਾ
ਚੰਡੀਗੜ੍ਹ, 5 ਜਨਵਰੀ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਯੂਟੀ ਪ੍ਰਸ਼ਾਸਨ ਵੀ ਦੋਵਾਂ ਸੂਬਿਆਂ ਦੀ ਤਰਜ਼ ’ਤੇ ਸ਼ਹਿਰ ਵਿੱਚ ਰਾਤ ਦਾ ਕਰਫਿਊ ਲਗਾ ਸਕਦਾ ਹੈ ਜਿਸ ਬਾਰੇ ਫ਼ੈਸਲਾ ਭਲਕੇ ਵੀਰਵਾਰ ਨੂੰ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪਰੋਹਿਤ ਦੀ ਅਗਵਾਈ ਹੇਠ ਕਰੋਨਾ ਪ੍ਰਬੰਧਾਂ ਦੀ ਮੀਟਿੰਗ ਦੌਰਾਨ ਲਿਆ ਜਾਵੇਗਾ। ਜਦੋਂ ਕਿ ਪ੍ਰਸ਼ਾਸਨ ਸ਼ਹਿਰ ਵਿੱਚ ਪਾਬੰਦੀਆਂ ਦੇ ਘੇਰੇ ਨੂੰ ਹੋਰ ਸਖਤ ਵੀ ਕਰ ਸਕਦਾ ਹੈ।
ਚੰਡੀਗੜ੍ਹ ਵਿੱਚ ਪਿਛਲੇ ਕੁਝ ਦਿਨਾਂ ਤੋਂ ਵੱਡੀ ਗਿਣਤੀ ਵਿੱਚ ਸੈਲਾਨੀ ਪਹੁੰਚ ਰਹੇ ਹਨ ਜਿਸ ਕਰਕੇ ਕਰੋਨਾਵਾਇਰਸ ਦੇ ਕੇਸਾਂ ਦੇ ਪਸਾਰ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਨੇ ਪਿਛਲੇ 10 ਮਹੀਨਿਆਂ ਦਾ ਰਿਕਾਰਡ ਤੋੜ ਦਿੱਤਾ ਹੈ ਜਿਸ ਕਾਰਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਖਤ ਰੁਖ ਅਖਤਿਆਰ ਕਰ ਲਿਆ ਹੈ। ਗੌਰਤਲਬ ਹੈ ਕਿ ਸ਼ਹਿਰ ਵਿੱਚ 4 ਜਨਵਰੀ ਨੂੰ 128, 3 ਨੂੰ 75, 2 ਨੂੰ 96 ਅਤੇ 1 ਜਨਵਰੀ ਨੂੰ ਕਰੋਨਾ ਦੇ 70 ਕੇਸ ਸਾਹਮਣੇ ਆਏ ਸਨ। ਉੱਧਰ ਕਰੋਨਾ ਮਰੀਜ਼ਾਂ ਦੇ ਐਕਟਿਵ ਕੇਸਾਂ ਦੀ ਗਿਣਤੀ 500 ਤੋਂ ਟੱਪ ਗਈ ਹੈ। ਇਹ ਅੰਕੜਾ ਮਾਰਚ 2021 ਵਿੱਚ ਸਾਹਮਣੇ ਆਇਆ ਸੀ। ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਹਰ ਕਿਸੇ ਨੂੰ ਮੁਕੰਮਲ ਟੀਕਾਕਰਨ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਅਤੇ ਸਮਾਜਿਕ ਦੁੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਜਦੋਂ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ।
ਵਧਦੀ ਭੀੜ ਕਾਰਨ ਟੀਕਾਕਰਨ ਕੇਂਦਰਾਂ ਤੋਂ ਕਰੋਨਾ ਫੈਲਣ ਦਾ ਖਦਸ਼ਾ
ਕਰੋਨਾਵਾਇਰਸ ਦੇ ਪਸਾਰ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਸੀ। ਇਸ ਦੇ ਬਾਵਜੂਦ ਵੈਕਸੀਨ ਲਗਵਾਉਣ ਵਾਲਿਆਂ ਦੀ ਰਫ਼ਤਾਰ ਬਹੁਤ ਘੱਟ ਸੀ। ਪਰ ਕੇਂਦਰ ਸਰਕਾਰ ਦੇ 1 ਜਨਵਰੀ 2022 ਤੋਂ ਮੁਕੰਮਲ ਟੀਕਾਕਰਨ ਦੇ ਐਲਾਨ ਤੋਂ ਬਾਅਦ ਟੀਕਾਕਰਨ ਕੇਂਦਰਾਂ ’ਤੇ ਇਕਦਮ ਲੋਕਾਂ ਦੀ ਭੀੜ ਵੱਧ ਗਈ ਹੈ। ਜਿੱਥੇ ਸਵੇਰ ਤੋਂ ਹੀ ਲੋਕ ਲਾਈਨਾਂ ਵਿੱਚ ਖੜ੍ਹੇ ਹੋ ਕੇ ਕਰੋਨਾ ਟੀਕਾ ਲਗਵਾਉਣ ਲਈ ਕਾਹਲੇ ਹਨ। ਦੂਜੇ ਪਾਸੇ 3 ਜਨਵਰੀ ਤੋਂ ਸ਼ੁਰੂ ਕੀਤੇ 15 ਤੋਂ 18 ਸਾਲ ਵਾਲੇ ਦੇ ਟੀਕਾ ਲਗਵਾਉਣ ਵਾਲੇ ਕੇਂਦਰਾਂ ’ਤੇ ਵੀ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਜਿਸ ਕਾਰਨ ਕਰੋਨਾ ਤੋਂ ਬਚਾਅ ਲਈ ਜਾ ਰਹੇ ਲੋਕਾਂ ਨੂੰ ਕਰੋਨਾ ਹੋਣ ਦਾ ਖ਼ਤਰਾ ਪੈਦਾ ਹੋਣ ਲੱਗਿਆ ਹੈ। ਕੇਂਦਰ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਯੂਟੀ ਪ੍ਰਸ਼ਾਸਨ ਨੇ ਵੀ ਸ਼ਹਿਰ ਦੇ ਨਿੱਜੀ ਅਤੇ ਸਰਕਾਰੀ ਅਦਾਰੇ ਨਾਲ ਜੁੜੇ ਹਰ ਕਿਸੇ ਵਿਅਕਤੀ ਨੂੰ ਮੁਕੰਮਲ ਟੀਕਾਕਰਨ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਜਦੋਂ ਕਿ ਮੁਕੰਮਲ ਟੀਕਾਕਰਨ ਨਾ ਹੋਣ ਵਾਲੇ ਤੋਂ ਭਾਰੀ ਜੁਰਮਾਨਾ ਵਸੂਲਿਆ ਜਾਵੇਗਾ। ਉਸ ਦਿਨ ਤੋਂ ਬਾਅਦ ਤੋਂ ਹੀ ਸ਼ਹਿਰ ਦੇ ਵੈਕਸੀਨੇਸ਼ਨ ਕੇਂਦਰਾਂ ’ਤੇ ਲੋਕਾਂ ਦੀ ਭੀੜ ਜੁਟਣੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਭਾਵੇਂ ਲੋਕ ਕਤਾਰਾਂ ਵਿੱਚ ਖੜ੍ਹੇ ਦਿਖਾਈ ਦੇ ਰਹੇ ਹਨ ਪਰ ਸਮਾਜਿਕ ਦੁੂਰੀ ਦੇ ਨਿਯਮਾਂ ਦੀ ਧੱਜੀਆਂ ਉੱਡ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 15 ਤੋਂ 25 ਦਸੰਬਰ ਤੱਕ ਸ਼ਹਿਰ ਵਿੱਚ ਕਰੋਨਾ ਰੋਕੂ ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ ਦੋ ਤੋਂ ਤਿੰਨ ਹਜ਼ਾਰ ਰੋਜ਼ਾਨਾ ਸੀ। ਪਰ 25 ਦਸੰਬਰ ਤੋਂ ਬਾਅਦ ਟੀਕਾਕਰਨ ਦੀ ਗਿਣਤੀ ਵੱਧ ਕੇ 10 ਤੋਂ 12 ਹਜ਼ਾਰ ਨਿੱਤ ’ਤੇ ਪਹੁੰਚ ਗਈ ਹੈ। ਇਸ ਨਾਲ ਸ਼ਹਿਰ ਵਿੱਚ ਹੁਣ ਤੱਕ 10 ਲੱਖ ਤੋਂ ਵੱਧ ਲੋਕਾਂ ਨੇ ਕਰੋਨਾ ਵੈਕਸੀਨ ਦੀ ਪਹਿਲੀ ਡੋਜ਼ ਅਤੇ ਪੌਣੇ 8 ਲੱਖ ਦੇ ਕਰੀਬ ਲੋਕਾਂ ਨੇ ਦੂਜੀ ਡੋਜ਼ ਲਗਵਾ ਲਈ ਹੈ। ਉੱਧਰ ਸ਼ਹਿਰ ’ਚ 15 ਤੋਂ 18 ਸਾਲ ਉਮਰ ਤੱਕ ਦੇ ਬੱਚਿਆਂ ਦੇ ਟੀਕਾਕਰਨ ਲਈ 16 ਵੈਕਸੀਨੇਸ਼ਨ ਕੇਂਦਰ ਸਥਾਪਤ ਕੀਤੇ ਹਨ। ਜਿੱਥੇ ਰਜਿਸਟ੍ਰੇਸ਼ਨ ਤੋਂ ਬਾਅਦ ਹੀ ਵੈਕਸੀਨ ਲਗਾਈ ਜਾ ਰਹੀ ਹੈ। ਉਸ ਦੇ ਬਾਵਜੂਦ ਇਨ੍ਹਾਂ ਟੀਕਾ ਕੇਂਦਰਾਂ ’ਤੇ ਵੀ ਕਤਾਰਾਂ ਲੱਗੀਆਂ ਹੋਈਆਂ ਹਨ।
ਸਮਾਜਿਕ ਦੂਰੀ ਦੇ ਨਿਯਮਾਂ ਨੂੰ ਕੀਤਾ ਜਾ ਰਿਹੈ ਦਰੁਸਤ: ਯਸ਼ਪਾਲ ਗਰਗ
ਯੂਟੀ ਦੇ ਸਕੱਤਰ ਸਿਹਤ ਯਸ਼ਪਾਲ ਗਰਗ ਨੇ ਕਿਹਾ ਕਿ ਸ਼ਹਿਰ ’ਚ ਟੀਕਾਕਰਨ ਕੇਂਦਰਾਂ ’ਤੇ ਵੱਧ ਰਹੀ ਭੀੜ ਨੂੰ ਵੇਖਦਿਆਂ 20 ਵਾਧੂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਜੋ ਕਿ ਨਿਯਮਾਂ ਦੀ ਪਾਲਣਾ ਕਰਦੇ ਹੋਏ ਕਰੋਨਾ ਟੀਕਾ ਲਗਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ’ਚ ਪਿਛਲੇ ਕੁਝ ਦਿਨਾਂ ਤੋਂ ਰਿਕਾਰਡ ਟੀਕਾਕਰਨ ਕੀਤਾ ਹੈ। ਜਿੱਥੋਂ ਤੱਕ ਹੱਲ ਸਮਾਜਿਕ ਦੁੂਰੀ ਦੇ ਨਿਯਮਾਂ ਦੀ ਹੈ ਤਾਂ ਉਨ੍ਹਾਂ ਨੂੰ ਸਮੇਂ-ਸਮੇਂ ’ਤੇ ਚੈੱਕ ਕਰਕੇ ਦਰੁਸਤ ਕੀਤਾ ਜਾ ਰਿਹਾ ਹੈ।