ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਚੰਡੀਗੜ੍ਹ, 6 ਜਨਵਰੀ
ਟ੍ਰਾਈਸਿਟੀ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਜਿੱਥੇ ਅੱਜ 980 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਵਿੱਚ ਸਭ ਤੋਂ ਵੱਧ ਕੇਸ ਮੁਹਾਲੀ ਵਿੱਚ ਪਾਏ ਗਏ ਹਨ। ਜਿੱਥੇ ਕਰੋਨਾ ਦੇ 364 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ 331 ਅਤੇ ਪੰਚਕੂਲਾ ਵਿੱਚ 285 ਨਵੇਂ ਕੇਸ ਸਾਹਮਣੇ ਆਏ ਹਨ। ਪੰਚਕੂਲਾ ਵਿੱਚ 285 ਵਿੱਚੋਂ 162 ਜਣੇ ਸਥਾਨਕ ਵਸਨੀਕ ਹਨ, ਜਦੋਂ ਕਿ 123 ਜਣੇ ਹੋਰਨਾਂ ਸੂਬਿਆਂ ਨਾਲ ਸਬੰਧਿਤ ਹਨ।
ਚੰਡੀਗੜ੍ਹ ਵਿੱਚ ਕਰੋਨਾ ਨੇ ਅੱਜ ਵੀ 331 ਹੋਰ ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ। ਇਸ ਤੋਂ ਇਲਾਵਾ ਪਿਛਲੇ ਕਈ ਦਿਨਾਂ ਤੋਂ ਪੀ.ਜੀ.ਆਈ. ਦੇ ਵੱਡੀ ਗਿਣਤੀ ਵਿੱਚ ਡਾਕਟਰਾਂ ਅਤੇ ਨਰਸਿੰਗ ਸਟਾਫ਼ ਨੂੰ ਵੀ ਨਿਸ਼ਾਨਾ ਬਣਾਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਪੀਜੀਆਈ. ਚੰਡੀਗੜ੍ਹ ਦੇ 264 ਡਾਕਟਰਾਂ ਅਤੇ ਨਰਸਿੰਗ ਸਟਾਫ਼ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਸੂਤਰਾਂ ਦੀ ਮੰਨੀਏ ਤਾਂ ਹੁਣ ਤੱਕ ਪੀ.ਜੀ.ਆਈ. ਦੇ 123 ਡਾਕਟਰਾਂ ਅਤੇ ਨਰਸਿੰਗ ਸਟਾਫ਼ 141 ਦੇ ਮੈਂਬਰ ਕਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ ਜਿਨ੍ਹਾਂ ਨੂੰ ਘਰੇਲੂ ਇਕਾਂਤਵਾਸ ਉਤੇ ਭੇਜਿਆ ਗਿਆ ਹੈ। ਯੂ.ਟੀ. ਦੇ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਆਏ ਨਵੇਂ ਮਰੀਜ਼ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਅਤੇ ਪਿੰਡਾਂ ਦੇ ਵਸਨੀਕ ਹਨ। ਸ਼ਹਿਰ ਵਿੱਚ ਇਸ ਸਮੇਂ ਕਰੋਨਾ ਦੇ ਮਰੀਜ਼ਾਂ ਦਾ ਕੁੱਲ ਅੰਕੜਾ 979 ਹੋ ਗਿਆ ਹੈ।
ਐਸ.ਏ.ਐਸ. ਨਗਰ (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਕਰੋਨਾ ਮਹਾਮਾਰੀ ਦੇ 364ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂਕਿ ਇਕ ਕਰੋਨਾ ਪੀੜਤ ਮਰੀਜ਼ ਦੀ ਮੌਤ ਹੋ ਗਈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਕੱਲੇ ਮੁਹਾਲੀ ਖੇਤਰ ਵਿੱਚ 197 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਬਨੂੜ ਵਿੱਚ 1, ਕੁਰਾਲੀ ਵਿੱਚ 3, ਲਾਲੜੂ ਵਿੱਚ 7, ਡੇਰਾਬੱਸੀ ਵਿੱਚ 8, ਘੜੂੰਆਂ ਵਿੱਚ 10, ਬੂਥਗੜ੍ਹ ਵਿੱਚ 11, ਖਰੜ ਵਿੱਚ 47 ਅਤੇ ਢਕੌਲੀ ਵਿੱਚ 80 ਲੋਕ ਕਰੋਨਾ ਤੋਂ ਪੀੜਤ ਪਾਏ ਗਏ ਹਨ। ਮੁਹਾਲੀ ਪ੍ਰਸ਼ਾਸਨ ਦੀ ਤਾਜ਼ਾ ਜਾਣਕਾਰੀ ਅਨੁਸਾਰ ਇਸ ਸਮੇਂ ਕਰੋਨਾ ਮਹਾਮਾਰੀ ਦੇ 960 ਨਵੇਂ ਐਕਟਿਵ ਕੇਸ ਹਨ। ਰੋਜ਼ਾਨਾ ਵਧ ਰਹੇ ਕਰੋਨਾ ਮਾਮਲਿਆਂ ਨੇ ਸ਼ਹਿਰ ਵਾਸੀਆਂ ਦੀ ਚਿੰਤਾ ਵਧਾ ਦਿੱਤੀ ਹੈ।
ਮਰੀਜ਼ਾਂ ਨੂੰ ਪੀਜੀਆਈ ਜਾਣ ਲਈ ਲੈਣਾ ਪਵੇਗਾ ਅਗਾਊਂ ਸਮਾਂ
ਚੰਡੀਗੜ੍ਹ (ਪੱਤਰ ਪ੍ਰੇਰਕ): ਕਰੋਨਾ ਮਹਾਂਮਾਰੀ ਦੇ ਵਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਪੀ.ਜੀ.ਆਈ. ਚੰਡੀਗੜ੍ਹ ਵਿੱਚ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜ਼ਾਂ ਨੂੰ ਹੁਣ ਫਿਰ ਤੋਂ ਟੈਲੀਫ਼ੋਨ ਰਾਹੀਂ ਐਡਵਾਂਸ ਅਪਾਇੰਟਮੈਂਟ ਲੈਣੀ ਪਵੇਗੀ। ਉੱਚ ਅਧਿਕਾਰੀਆਂ ਦੀ ਦੇਰ ਸ਼ਾਮ ਹੋਈ ਮੀਟਿੰਗ ਵਿੱਚ ਲਿਆ ਗਿਆ ਇਹ ਫ਼ੈਸਲਾ 10 ਜਨਵਰੀ ਤੋਂ ਪੀਜੀਆਈ ਦੀ ਹਰੇਕ ਓ.ਪੀ.ਡੀ. ਵਿੱਚ ਲਾਗੂ ਹੋ ਜਾਵੇਗਾ। ਜਾਣਕਾਰੀ ਮੁਤਾਬਕ ਪੀਜੀਆਈ ਵਿੱਚ ਆਉਣ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣ ਲਈ ਸਮਾਂ ਸਵੇਰੇ 8 ਵਜੇ ਤੋਂ 9.30 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ। ਮਰੀਜ਼ਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਟੈਲੀਫ਼ੋਨ ਉਤੇ ਅਪਾਇੰਟਮੈਂਟ ਮਿਲਣ ਉਪਰੰਤ ਹੀ ਪੀਜੀਆਈ ਵਿੱਚ ਆਉਣ ਕਿਉਂਕਿ ਅਪਾਇੰਟਮੈਂਟ ਤੋਂ ਬਿਨਾ ਕਿਸੇ ਦਾ ਵੀ ਇਲਾਜ ਨਹੀਂ ਕੀਤਾ ਜਾਵੇਗਾ। ਜਿਹੜੇ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦਾ ਇਲਾਜ ਜਾਂ ਅਪ੍ਰੇਸ਼ਨ ਆਦਿ ਲਈ ਪੀਜੀਆਈ. ਵੱਲੋਂ ਤਰੀਕ ਦਿੱਤੀ ਹੋਈ ਸੀ, ਉਨ੍ਹਾਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਨਿਸ਼ਚਿਤ ਮਿਤੀ ਤੋਂ ਪਹਿਲਾਂ ਆਪਣੇ ਸਬੰਧਤ ਵਿਭਾਗ ਨਾਲ ਸੰਪਰਕ ਕਰਕੇ ਅਗਲੀ ਤਰੀਕ ਦੀ ਮੁੜ ਪੁਸ਼ਟੀ ਜ਼ਰੂਰ ਕਰ ਲੈਣ। ਨਵੀਂ ਓ.ਪੀ.ਡੀ. ਵਿੱਚ ਅਪਾਇੰਟਮੈਂਟ ਲੈਣ ਲਈ 0172-2755991, ਐਡਵਾਂਸਡ ਆਈ-ਸੈਂਟਰ ਤੇ ਡਰੱਗ ਡੀ-ਐਡਿਕਸ਼ਨ ਟ੍ਰੀਟਮੈਂਟ ਸੈਂਟਰ ਲਈ 0172-2755992, ਐਡਵਾਂਸਡ ਕਾਰਡੀਐਕ ਸੈਂਟਰ ਲਈ 0172-2755993, ਐਡਵਾਂਸਡ ਪੀਡੀਆਟ੍ਰਿਕਸ ਸੈਂਟਰ ਲਈ 0172-2755994, ਓਰਲ ਹੈਲਥ ਸਾਇੰਸਿਜ਼ ਸੈਂਟਰ (ਡੈਂਟਲ ਓ.ਪੀ.ਡੀ.) ਲਈ 0172-2755995, ਪ੍ਰਸੂਤਾ ਓ.ਪੀ.ਡੀ. ਲਈ 70870-03434 ਉਤੇ ਫ਼ੋਨ ਕੀਤਾ ਜਾ ਸਕੇਗਾ। ਕਿਸੇ ਵੀ ਓ.ਪੀ.ਡੀ. ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਆਪਣੇ ਨਾਲ ਸਿਰਫ਼ ਇੱਕ ਹੀ ਅਟੈਂਡੈਂਟ ਲਿਆਉਣ ਲਈ ਕਿਹਾ ਗਿਆ ਹੈ।
ਦੋ ਦਿਨਾਂ ਵਿੱਚ 25 ਕੰਟੇਨਮੈਂਟ ਜ਼ੋਨ ਬਣਾਏ
ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਰੋਕਥਾਮ ਲਈ ਦੋ ਦਿਨਾਂ ਵਿੱਚ 25 ਕੰਟੇਨਮੈਂਟ ਜ਼ੋਨ ਬਣਾਏ ਗਏ ਹਨ। ਜਿਨ੍ਹਾਂ ਵਿੱਚ ਸੈਕਟਰ-7, 15, 16, 20, 21, 33, 35, 36, 39, 40, 44, 46, 49, 43, 42, 37 ਅਤੇ 44 ਸ਼ਾਮਲ ਹਨ। ਇਹ ਆਦੇਸ਼ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਜਾਰੀ ਕੀਤੇ ਹਨ।
ਮੁਹਾਲੀ ਦੇ ਸਿਵਲ ਸਰਜਨ ਵੱਲੋਂ ਸ਼ੱਕੀ ਮਰੀਜ਼ਾਂ ਨੂੰ 104 ਹੈਲਪਲਾਈਨ ’ਤੇ ਸੰਪਰਕ ਕਰਨ ਦੀ ਸਲਾਹ
ਐੱਸਏਐੱਸ ਨਗਰ ਮੁਹਾਲੀ (ਪੱਤਰ ਪ੍ਰੇਰਕ): ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਕਰੋਨਾ ਮਹਾਮਾਰੀ ਦਾ ਪ੍ਰਕੋਪ ਵਧਣ ਕਾਰਨ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਮਹਾਮਾਰੀ ਤੋਂ ਬਚਾਅ ਲਈ ਤਮਾਮ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾਣ। ਸਿਵਲ ਸਰਜਨ ਨੇ ਕਿਹਾ ਕਿ ਕੋਵਿਡ-19 ਦਾ ਨਵਾਂ ਸਰੂਪ ‘ਓਮੀਕਰੋਨ’ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਪਰ ਇਸ ਤੋਂ ਘਬਰਾਉਣ ਦੀ ਬਜਾਏ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਅਤੇ ਟੀਕਾਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਲਗਾਤਾਰ ਖੰਘ, ਜ਼ੁਕਾਮ, ਬੁਖ਼ਾਰ ਹੋਵੇ ਤਾਂ ਸਰਕਾਰੀ ਹਸਪਤਾਲ ਵਿੱਚ ਜਾ ਕੇ ਡਾਕਟਰੀ ਸਲਾਹ ਲਈ ਜਾਵੇ ਅਤੇ ਕੋਵਿਡ ਟੈਸਟ ਕਰਵਾਇਆ ਜਾਵੇ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਹੈਲਪਲਾਈਨ 104 ’ਤੇ ਸੰਪਰਕ ਕਰ ਕੇ ਵੀ ਡਾਕਟਰ ਦੀ ਸਲਾਹ ਲਈ ਜਾ ਸਕਦੀ ਹੈ।