ਪੱਤਰ ਪ੍ਰੇਰਕ
ਚੰਡੀਗੜ੍ਹ, 1 ਨਵੰਬਰ
ਚੰਡੀਗੜ੍ਹ ਵਿੱਚ ਅੱਜ ਕਰੋਨਾਵਾਇਰਸ ਦੇ 61 ਨਵੇਂ ਕੇਸ ਸਾਹਮਣੇ ਆਏ ਹਨ ਤੇ 81 ਮਰੀਜ਼ਾਂ ਨੇ ਵਾਇਰਸ ਨੂੰ ਮਾਤ ਦਿੱਤੀ ਹੈ। ਇਸ ਤਰ੍ਹਾਂ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 14476 ਹੋ ਗਿਆ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 618 ਹੈ। ਯੂ.ਟੀ. ਦੇ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਵਿੱਚ ਰੈਪਿਡ ਅਤੇ ਆਰਟੀ-ਪੀ.ਸੀ.ਆਰ. ਵਿਧੀਆਂ ਰਾਹੀਂ ਕੀਤੇ ਟੈਸਟਾਂ ਦੌਰਾਨ ਨਵੇਂ ਸਾਹਮਣੇ ਆਏ ਮਰੀਜ਼ ਸੈਕਟਰ 7, 8, 11, 15, 16, 18, 22, 23, 27, 29, 30, 37, 38, 40, 41, 44, 46, 48, 49, 50, 38-ਵੈਸਟ, ਹੱਲੋਮਾਜਰਾ, ਮਨੀਮਾਜਰਾ, ਪੀ.ਜੀ.ਆਈ. ਕੈਂਪਸ ਤੇ ਸਾਰੰਗਪੁਰ ਦੇ ਵਸਨੀਕ ਹਨ।
ਮੁਹਾਲੀ (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਦੇ 61 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਮਰੀਜ਼ਾਂ ਦੀ ਕੁੱਲ ਗਿਣਤੀ 12 ਹਜ਼ਾਰ 440 ਹੋ ਗਈ ਹੈ। ਅੱਜ 78 ਮਰੀਜ਼ਾਂ ਠੀਕ ਹੋਏ ਹਨ ਤੇ ਹੁਣ ਤੱਕ 237 ਮੌਤਾਂ ਹੋ ਚੁੱਕੀਆਂ ਹਨ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ 61 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਮੁਹਾਲੀ ਸ਼ਹਿਰੀ ਖੇਤਰ ਵਿੱਚ 48 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਖਰੜ ਵਿੱਚ 9, ਢਕੌਲੀ, ਕੁਰਾਲੀ ਵਿੱਚ 1-1 ਅਤੇ ਘੜੂੰਆਂ ਵਿੱਚ 2 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ।
ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਵਿੱਚ ਕਰੋਨਾਵਾਇਰਸ ਦੇ 25 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 23 ਕੇਸ ਪੰਚਕੂਲਾ ਇਲਾਕੇ ਨਾਲ ਸਬੰਧਤ ਹਨ। ਇਸੇ ਦੌਰਾਨ ਇਕ ਮਰੀਜ਼ ਦੀ ਮੌਤ ਹੋਈ ਹੈ ਜੋ ਕਿ ਪਿੰਜੌਰ ਦਾ ਰਹਿਣ ਵਾਲਾ ਸੀ। ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕੀਤੀ ਹੈ। ਜ਼ਿਲ੍ਹੇ ਵਿੱਚ ਵਾਇਰਸ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 114 ਹੈ ਤੇ ਰਿਕਵਰੀ ਰੇਟ 95.48 ਫੀਸਦ ਹੈ।
ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਜ਼ਿਲ੍ਹੇ ਵਿੱਚ ਅੱਜ 21 ਕਰੋਨਾ ਪਾਜ਼ੇਟਿਵ ਕੇਸ ਆਉਣ ਤੋਂ ਬਾਅਦ ਮਰੀਜ਼ਾਂ ਦੀ ਕੁੱਲ ਗਿਣਤੀ 8989 ਹੋ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ 23 ਮਰੀਜ਼ ਡਿਸਚਾਰਜ ਹੋਏ ਹਨ। ਅੱਜ ਅੰਬਾਲਾ ਸ਼ਹਿਰ ਅਤੇ ਚੌੜਮਸਤਪੁਰ ਵਿੱਚੋਂ 6-6 ਮਰੀਜ਼, ਛਾਉਣੀ ਵਿਚੋਂ 5, ਸ਼ਾਹਜ਼ਾਦਪੁਰ ਅਤੇ ਮੁਲਾਣਾ ਵਿਚੋਂ ਇਕ-ਇਕ ਅਤੇ 2 ਮਰੀਜ਼ ਨਰਾਇਣਗੜ੍ਹ ਵਿਚੋਂ ਸਾਹਮਣੇ ਆਏ ਹਨ।
ਆਨੰਦਪੁਰ ਸਾਹਿਬ ਵਾਸੀ ਨੇ ਦਮ ਤੋੜਿਆ
ਰੂਪਨਗਰ (ਬਹਾਦਜੀਤ ਸਿੰਘ): ਰੂਪਨਗਰ ਜ਼ਿਲ੍ਹੇ ਵਿੱਚ ਅੱਜ ਚਾਰ ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ ਇਕ ਵਿਅਕਤੀ ਦੀ ਮੌਤ ਹੋਈ ਹੈ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਰੂਪਨਗਰ, ਨੰਗਲ, ਸ੍ਰੀ ਆਨੰਦਪੁਰ ਸਾਹਿਬ ਅਤੇ ਭਰਤਗੜ੍ਹ ਇਲਾਕਿਆਂ ਵਿੱਚ ਇੱਕ-ਇੱਕ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਅੱਜ ਸ੍ਰੀ ਆਨੰਦਪੁਰ ਸਾਹਿਬ ਦੇ 64 ਸਾਲਾਂ ਦੇ ਵਿਅਕਤੀ ਦੀ ਮੌਤ ਹੋਈ ਹੈ।