ਕੁਲਦੀਪ ਸਿੰਘ
ਚੰਡੀਗੜ੍ਹ, 12 ਸਤੰਬਰ
ਸ਼ਹਿਰ ਵਿੱਚ ਕਰੋਨਾਵਾਇਰਸ ਕਾਰਨ 17 ਸਾਲਾਂ ਦੀ ਲੜਕੀ ਸਣੇ 6 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ 250 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 7542 ਹੋ ਗਿਆ ਹੈ। ਵੇਰਵਿਆਂ ਅਨੁਸਾਰ ਧਨਾਸ ਵਾਸੀ ਲੜਕੀ ਨੂੰ ਜਦੋਂ ਜੀ.ਐਮ.ਐਸ.ਐਚ.-16 ਵਿਚ ਲਿਆਂਦਾ ਗਿਆ ਤਾਂ ਊਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਤੇ ਅੱਜ ਊਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਊਹ ਟਾਇਫਾਈਡ ਤੇ ਨਮੂਨੀਆ ਦੀ ਮਰੀਜ਼ ਸੀ ਤੇ ਉਸ ਵਿੱਚ ਵਿਟਾਮਿਨ ਬੀ-12 ਦੀ ਘਾਟ ਵੀ ਸੀ। ਇਸੇ ਤਰ੍ਹਾਂ ਮਲੋਆ ਵਾਸੀ 59 ਸਾਲਾਂ ਦੇ ਵਿਅਕਤੀ ਦੀ ਵੀ ਸੈਕਟਰ-16 ਦੇ ਹਸਪਤਾਲ ਵਿੱਚ ਮੌਤ ਹੋਈ ਹੈ ਤੇ ਊਹ ਡਾਇਬੀਟੀਜ਼ ਤੋਂ ਪੀੜਤ ਸੀ। ਸੈਕਟਰ 56 ਦੀ ਬਿਰਧ ਔਰਤ ਨੇ ਪੀ.ਜੀ.ਆਈ. ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ ਤੇ ਸੈਕਟਰ 39 ਦੀ 54 ਸਾਲਾਂ ਦੀ ਕਰੋਨਾ ਪੀੜਤ ਦੀ ਸੈਕਟਰ 48 ਦੇ ਸਿਵਲ ਹਸਪਤਾਲ ਵਿਚ ਮੌਤ ਹੋਈ ਹੈ। ਊਹ ਵੀ ਡਾਇਬੀਟੀਜ਼ ਦਾ ਮਰੀਜ਼ ਸੀ। ਪਿੰਡ ਬਹਿਲਾਣਾ ਦੀ ਔਰਤ ਅਤੇ ਪੁਰਸ਼ ਦੀ ਸੈਕਟਰ-32 ਦੇ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋਈ। ਸਿਹਤ ਵਿਭਾਗ ਅਨੁਸਾਰ ਕਰੋਨਾ ਦੇ ਨਵੇਂ ਮਾਮਲੇ ਸੈਕਟਰ 1, 7, 8, 10, 14, 15, 18, 19, 20, 21, 22, 23, 24, 26, 27, 28, 29, 30, 32, 33, 35, 37, 38, 38-ਵੈਸਟ, 39, 40, 41, 42, 43, 44, 45, 46, 47, 48, 49, 50, 51, 52, 55, 56, 63, ਪੀ.ਜੀ.ਆਈ. ਕੈਂਪਸ, ਰਾਮ ਦਰਬਾਰ, ਸਨਅਤੀ ਏਰੀਆ ਫੇਜ਼-1 ਤੇ 2, ਬਾਪੂ ਧਾਮ ਕਲੋਨੀ, ਬਹਿਲਾਣਾ, ਬੁੜੈਲ, ਦੜੂਆ, ਧਨਾਸ, ਖੁੱਡਾ ਜੱਸੂ, ਖੁੱਡਾ ਲਾਹੌਰਾ, ਖੁੱਡਾ ਅਲੀਸ਼ੇਰ, ਕਿਸ਼ਨਗੜ੍ਹ, ਮਲੋਆ, ਮਨੀਮਾਜਰਾ, ਮੌਲੀ ਜਾਗਰਾਂ, ਸਾਰੰਗਪੁਰ ਤੇ ਕੈਂਬਵਾਲਾ ਨਾਲ ਸਬੰਧਤ ਹਨ। ਅੱਜ 264 ਹੋਰ ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੱਤੀ ਹੈ ਤੇ ਹੁਣ ਤੱਕ 4864 ਮਰੀਜ਼ ਡਿਸਚਾਰਜ ਹੋ ਚੁੱਕੇ ਹਨ। ਹੁਣ ਤੱਕ ਕੁੱਲ 89 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੋਈ ਹੈ ਤੇ ਐਕਟਿਵ ਕੇਸਾਂ ਦੀ ਗਿਣਤੀ 2586 ਹੈ।
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਜ਼ਿਲ੍ਹੇ ਵਿੱਚ ਅੱਜ ਕਰੋਨਾਵਾਇਰਸ ਦੇ 288 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 178 ਕੇਸ ਪੰਚਕੂਲਾ ਇਲਾਕੇ ਨਾਲ ਸਬੰਧਤ ਹਨ। ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਇਕ ਮੌਤ ਵੀ ਹੋਈ ਹੈ। ਮਰਨ ਵਾਲਾ ਵਿਅਕਤੀ ਧਰਮਪੁਰ ਕਲੋਨੀ ਪਿੰਜੌਰ ਦਾ ਰਹਿਣ ਵਾਲਾ ਸੀ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਮੇਂ ਕਰੋਨਾ ਦੇ 1284 ਕੇਸ ਐਕਟਿਵ ਹਨ। ਸਿਹਤ ਵਿਭਾਗ ਨੇ ਮਰੀਜ਼ਾਂ ਦੇ ਪਰਿਵਾਰਾਂ ਨੂੰ ਇਕਾਂਤਵਾਸ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਮੁਹਾਲੀ ਜ਼ਿਲ੍ਹੇ ਵਿੱਚ 307 ਨਵੇਂ ਮਾਮਲੇ; ਦੋ ਮਰੀਜ਼ਾਂ ਦੀ ਮੌਤ
ਮੁਹਾਲੀ (ਦਰਸ਼ਨ ਸਿੰਘ ਸੋਢੀ): ਮੁਹਾਲੀ ਜ਼ਿਲ੍ਹੇ ਵਿੱਚ ਅੱਜ ਕਰੋਨਾਵਾਇਰਸ ਦੇ 307 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਮਰੀਜ਼ਾਂ ਦੀ ਕੁੱਲ ਗਿਣਤੀ 6367 ਹੋ ਗਈ ਹੈ। ਅੱਜ ਇਕ ਬਿਰਧ ਔਰਤ ਸਮੇਤ ਕਰੋਨਾ ਪੀੜਤ ਦੋ ਮਰੀਜ਼ਾਂ ਦੀ ਮੌਤ ਹੋਈ ਹੈ ਤੇ 257 ਮਰੀਜ਼ ਡਿਸਚਾਰਜ ਹੋਏ ਹਨ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਗਰੇਸ਼ੀਅਨ ਹਸਪਤਾਲ ਵਿੱਚ ਦਾਖ਼ਲ ਡੇਰਾਬੱਸੀ ਦੀ 53 ਸਾਲਾਂ ਦੀ ਔਰਤ ਦੀ ਮੌਤ ਹੋਈ ਹੈ। ਇੰਜ ਹੀ ਜ਼ੀਰਕਪੁਰ ਦੇ 67 ਸਾਲਾਂ ਦੇ ਬਜ਼ੁਰਗ ਨੇ ਦਮ ਤੋੜ ਦਿੱਤਾ ਹੈ। ਉਹ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਸੀ। ਇਸੇ ਦੌਰਾਨ ਮੁਹਾਲੀ ਸ਼ਹਿਰੀ ਖੇਤਰ ਵਿੱਚ 114 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਘੜੂੰਆਂ ਬਲਾਕ ਅਧੀਨ ਪੇਂਡੂ ਖੇਤਰ ਵਿੱਚੋਂ 57, ਢਕੌਲੀ ਵਿੱਚੋਂ 53, ਬੂਥਗੜ੍ਹ ਬਲਾਕ ਵਿੱਚੋਂ 10, ਕੁਰਾਲੀ ਵਿੱਚੋਂ ਚਾਰ, ਬਨੂੜ ਵਿੱਚੋਂ ਇਕ, ਲਾਲੜੂ ਵਿੱਚੋਂ ਇਕ ਅਤੇ ਡੇਰਾਬੱਸੀ ਤੋਂ ਸੱਤ ਮਾਮਲੇ ਸਾਹਮਣੇ ਆਏ ਹਨ। ਮੁਹਾਲੀ ਜ਼ਿਲ੍ਹੇ ਵਿੱਚ 2115 ਕੇਸ ਐਕਟਿਵ ਹਨ।