ਪੱਤਰ ਪ੍ਰੇਰਕ
ਚੰਡੀਗੜ੍ਹ, 14 ਜੁਲਾਈ
ਚੰਡੀਗੜ੍ਹ ’ਚ ‘ਕੋਵਿਡ ਵੈਕਸੀਨ ਅੰਮ੍ਰਿਤ ਮਹੋਤਸਵ’ ਤਹਿਤ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਲਈ ਕਰੋਨਾਵਾਇਰਸ ਤੋਂ ਬਚਾਅ ਲਈ ਇਹਤਿਆਤੀ ਖੁਰਾਕ 15 ਜੁਲਾਈ ਤੋਂ ਮੁਫ਼ਤ ਦਿੱਤੀ ਜਾ ਰਹੀ ਹੈ।
ਯੂ.ਟੀ. ਪ੍ਰਸ਼ਾਸਨ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਕਤ ਮੁਹਿੰਮ 15 ਜੁਲਾਈ ਤੋਂ 30 ਸਤੰਬਰ ਤੱਕ ਚੱਲੇਗੀ। ਸ਼ਹਿਰ ਦੇ ਸਾਰੇ ਪ੍ਰਮੁੱਖ ਸਰਕਾਰੀ ਹਸਪਤਾਲਾਂ ਵਿੱਚ ਲਾਭਪਾਤਰੀਆਂ ਨੂੰ ‘ਕੋਵੀਸ਼ੀਲਡ’ ਅਤੇ ‘ਕੋ-ਵੈਕਸੀਨ’ ਦੀ ਮੁਫ਼ਤ ‘ਇਹਤਿਆਤੀ ਖੁਰਾਕ’ ਮੁਹੱਈਆ ਕਰਵਾਈ ਜਾਵੇਗੀ। ਹਰ ਘਰ ਦਸਤਕ ‘2.0’ ਕੋਵਿਡ ਟੀਕਾਕਰਨ ਮੁਹਿੰਮ ਪਹਿਲਾਂ ਹੀ ਚੱਲ ਰਹੀ ਹੈ। ਕੁਝ ਦਿਨਾਂ ਬਾਅਦ ਵੱਖ-ਵੱਖ ਸਕੂਲਾਂ ਵਿੱਚ ਵੀ ਕੋਵਿਡ ਵਿਰੋਧੀ ਟੀਕਾਕਰਨ ਕੈਂਪ ਲਗਾਏ ਜਾਣਗੇ। ਇਹਤਿਆਤੀ ਖੁਰਾਕ ਲਗਵਾਉਣ ਲਈ ਦੂਜੀ ਖੁਰਾਕ ਦੀ ਤਰੀਕ ਤੋਂ ਛੇ ਮਹੀਨਿਆਂ ਦਾ ਅੰਤਰ ਜ਼ਰੂਰੀ ਹੈ। ਟੀਕਾਕਰਨ ਵਾਲੀ ਥਾਂ ’ਤੇ ਕੋਵਿਡ ਟੀਕਾਕਰਨ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਜਾਣਗੇ। ਸਿਹਤ ਵਿਭਾਗ ਵੱਲੋਂ ਚੰਡੀਗੜ੍ਹ ਦੇ ਵਸਨੀਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇਸ ਮੁਹਿੰਮ ਦਾ ਲਾਭ ਉਠਾਉਣ ਅਤੇ ਕੋਵਿਡ ਵਿਰੁੱਧ ਟੀਕਾਕਰਨ ਪੂਰਾ ਕਰਵਾਉਣ। ਕੋਵਿਡ ਵੈਕਸੀਨੇਸ਼ਨ ਸੈਂਟਰ ਪੀਜੀਆਈ, ਜੀਐਮਸੀਐਚ-32, ਜੀਐਮਐਸਐ.-16, ਸਿਵਲ ਹਸਪਤਾਲ ਸੈਕਟਰ 45, ਸਿਵਲ ਹਸਪਤਾਲ ਸੈਕਟਰ 22, ਸਿਵਲ ਹਸਪਤਾਲ ਮਨੀਮਾਜਰਾ, ਹੈਲਥ ਐਂਡ ਵੈਲਨੈਸ ਸੈਂਟਰ ਸੈਕਟਰ 42 ਵਿੱਚ ਸਥਾਪਿਤ ਕੀਤੇ ਗਏ ਹਨ।