ਪੱਤਰ ਪ੍ਰੇਰਕ
ਚੰਡੀਗੜ੍ਹ, 14 ਜਨਵਰੀ
ਇੱਥੇ ਨੋਵਲ ਕਰੋਨਾਵਾਇਰਸ ਨਾਲ ਅੱਜ 1834 ਵਿਅਕਤੀਆਂ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ ਜਿਸ ਦੌਰਾਨ ਕੁੱਲ ਅੰਕੜਾ 7257 ਹੋ ਗਿਆ ਹੈ।
ਇਸ ਤੋਂ ਇਲਾਵਾ ਸੈਕਟਰ 26 ਦੇ ਟਰਾਂਸਪੋਰਟ ਏਰੀਆ ਸਥਿਤ ਰੈਣ ਬਸੇਰਾ ਨੇੜੇ ਰਹਿ ਰਹੇ 44 ਸਾਲਾ ਵਿਅਕਤੀ ਨੂੰ ਮ੍ਰਿਤਕ ਹਾਲਤ ਵਿੱਚ ਜੀ.ਐਮ.ਐਸ.ਐਚ.-16 ਲਿਜਾਇਆ ਗਿਆ ਸੀ ਜਿੱਥੇ ਮ੍ਰਿਤਕ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਇਹ ਵਿਅਕਤੀ ਕਾਫ਼ੀ ਜ਼ਿਆਦਾ ਸ਼ਰਾਬ ਪੀਣ ਦਾ ਆਦੀ ਸੀ ਅਤੇ ਹੋਰ ਬਿਮਾਰੀਆਂ ਤੋਂ ਵੀ ਪੀੜਤ ਸੀ। ਸੈਕਟਰ 32 ਨਿਵਾਸੀ 50 ਸਾਲਾ ਔਰਤ ਨੂੰ ਵੀ ਜੀ.ਐਮ.ਸੀ.ਐਚ.-32 ਮ੍ਰਿਤਕ ਹਾਲਤ ਵਿੱਚ ਲਿਜਾਇਆ ਗਿਆ ਸੀ ਜਿੱਥੇ ਕਿ ਉਸ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ। ਇਹ ਔਰਤ ਵੀ ਹੋਰਨਾਂ ਬਿਮਾਰੀਆਂ ਤੋਂ ਪੀੜਤ ਸੀ ਪ੍ਰੰਤੂ ਕਰੋਨਾ ਦੇ ਦੋਵੇਂ ਟੀਕੇ ਇਸ ਔਰਤ ਨੂੰ ਲੱਗ ਚੁੱਕੇ ਹੋਏ ਹਨ।
ਮੁਹਾਲੀ (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਕਰੋਨਾ ਮਹਾਮਾਰੀ ਦੇ 1215 ਨਵੇਂ ਮਾਮਲੇ ਸਾਹਮਣੇ ਆਏ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਕੱਲੇ ਮੁਹਾਲੀ ਖੇਤਰ ਵਿੱਚ 477 ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ ਜਦੋਂ ਕਿ ਲਾਲੜੂ 4, ਡੇਰਾਬੱਸੀ ਵਿੱਚ 16, ਬਨੂੜ ਵਿੱਚ 19, ਬੂਥਗੜ੍ਹ ਵਿੱਚ 64, ਘੜੂੰਆਂ ਵਿੱਚ 85, ਕੁਰਾਲੀ ਵਿੱਚ 97, ਢਕੋਲੀ ਵਿੱਚ 143 ਅਤੇ ਖਰੜ ਵਿੱਚ 310 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ। ਇਸ ਸਮੇਂ ਕਰੋਨਾ ਮਹਾਮਾਰੀ ਦੇ 3811 ਨਵੇਂ ਐਕਟਿਵ ਕੇਸ ਹਨ। ਜਦੋਂਕਿ 319 ਕਰੋਨਾ ਪੀੜਤ ਠੀਕ ਹੋਏ ਹਨ।
ਪੰਚਕੂਲਾ (ਪੱਤਰ ਪ੍ਰੇਰਕ): ਇੱਥੇ ਅੱਜ 802 ਨਵੇਂ ਕਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਪੰਚਕੂਲਾ ਦੇ ਸਿਵਲ ਸਰਜਨ ਡਾ. ਮੁਕਤਾ ਕੁਮਾਰ ਨੇ ਦੱਸਿਆ ਕਿ ਕਰੋਨਾ ਮਰੀਜ਼ਾਂ ਵਿੱਚੋਂ 441 ਮਰੀਜ਼ ਪੰਚਕੂਲਾ ਜ਼ਿਲ੍ਹੇ ਦੇ ਨਾਗਰਿਕ ਹਨ ਅਤੇ ਬਾਕੀ ਮਰੀਜ਼ ਪੰਚਕੂਲਾ ਦੇ ਨੇੜਲੇ ਰਾਜਾਂ ਜਾਂ ਜ਼ਿਲ੍ਹਿਆਂ ਦੇ ਹਨ। ਇਨ੍ਹਾਂ ਮਰੀਜ਼ਾਂ ਵਿੱਚ 259 ਪੁਰਸ਼ ਅਤੇ 182 ਔਰਤਾਂ ਹਨ।