ਪੱਤਰ ਪ੍ਰੇਰਕ
ਚੰਡੀਗੜ੍ਹ, 3 ਮਈ
ਚੰਡੀਗੜ੍ਹ ਵਿੱਚ ਅੱਜ ਕਰੋਨਾਵਾਇਰਸ ਮਹਾਮਾਰੀ ਕਾਰਨ 11 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਜਦਕਿ 890 ਹੋਰ ਵਿਅਕਤੀਆਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸੈਕਟਰ 44 ਵਾਸੀ 51 ਸਾਲਾ ਵਿਅਕਤੀ, ਸੈਕਟਰ 45 ਵਾਸੀ 78 ਸਾਲਾ ਵਿਅਕਤੀ, ਸੈਕਟਰ 3 ਵਾਸੀ 82 ਸਾਲਾ ਔਰਤ ਦੀ ਫੋਰਟਿਸ ਹਸਪਤਾਲ ਮੁਹਾਲੀ, ਸੈਕਟਰ 52 ਵਾਸੀ 59 ਸਾਲਾ ਔਰਤ ਦੀ ਮਾਇਓ ਹਸਪਤਾਲ ਮੁਹਾਲੀ, ਸੈਕਟਰ 35 ਵਾਸੀ 87 ਸਾਲਾ, ਮਨੀਮਾਜਰਾ ਵਾਸੀ 62 ਸਾਲਾ ਵਿਅਕਤੀ ਦੀ ਅਲਕੈਮਿਸਟ ਹਸਪਤਾਲ ਪੰਚਕੂਲਾ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸੇ ਤਰ੍ਹਾਂ ਸੈਕਟਰ 20 ਵਾਸੀ 78 ਸਾਲਾ ਔਰਤ ਦੀ ਜੀਐੱਮਐੱਸਐੱਚ-16 ਵਿੱਚ ਜਦਕਿ ਸੈਕਟਰ 45 ਵਾਸੀ 52 ਸਾਲਾ ਔਰਤ, ਸੈਕਟਰ 20 ਵਾਸੀ 42 ਸਾਲਾ ਔਰਤ, ਫੈਦਾਂ ਵਾਸੀ 35 ਸਾਲਾ ਵਿਅਕਤੀ ਅਤੇ ਮਨੀਮਾਜਰਾ ਵਾਸੀ 48 ਸਾਲਾ ਔਰਤ ਦੀ ਜੀਐੱਮਸੀਐੱਚ-32 ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ।
ਐੱਸ.ਏ.ਐੱਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਕਰੋਨਾਵਾਇਰਸ ਮਹਾਮਾਰੀ ਦੇ 534 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ ਵੱਧ ਕੇ 49085 ’ਤੇ ਪਹੁੰਚ ਗਈ ਹੈ। ਉਂਜ ਅੱਜ ਇਕੱਠੇ 1042 ਮਰੀਜ਼ ਠੀਕ ਹੋ ਕੇ ਆਪਣੇ ਘਰ ਗਏ ਹਨ। ਅੱਜ 12 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਅਤੇ ਹੁਣ ਤੱਕ ਕੁੱਲ 622 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਵਿੱਚ ਅੱਜ ਕਰੋਨਾਵਾਇਰਸ ਦੇ 250 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਇਨ੍ਹਾਂ ਮਰੀਜ਼ਾਂ ਵਿੱਚ 153 ਪੁਰਸ਼ ਤੇ 97 ਔਰਤਾਂ ਸ਼ਾਮਲ ਹਨ। ਪੰਚਕੂਲਾ ਜ਼ਿਲ੍ਹੇ ਵਿੱਚ ਅੱਜ ਕਰੋਨਾ ਕਾਰਨ ਚਾਰ ਹੋਰ ਮੌਤਾਂ ਹੋਈਆਂ ਹਨ। ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ।
ਪੰਚਕੂਲਾ ਜ਼ਿਲ੍ਹੇ ਵਿੱਚ ਕਰੋਨਾ ਕਾਰਨ ਹੁਣ ਤੱਕ 221 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪੰਚਕੂਲਾ ਵਿੱਚ ਇਸ ਵੇਲੇ ਕਰੋਨਾ ਦੇ 2021 ਐਕਟਿਵ ਮਰੀਜ਼ ਹਨ।
ਹਫ਼ਤਾਵਰੀ ਤਾਲਾਬੰਦੀ ਤੋਂ ਬਾਅਦ ਬਾਜ਼ਾਰਾਂ ਵਿੱਚ ਵਧੀ ਭੀੜ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੀ ਰੋਕਥਾਮ ਲਈ ਕੀਤੀ ਗਈ ਹਫ਼ਤਾਵਰੀ ਤਾਲਾਬੰਦੀ ਤੋਂ ਬਾਅਦ ਸੋਮਵਾਰ ਨੂੰ ਸੜਕਾਂ ’ਤੇ ਵੱਡੀ ਗਿਣਤੀ ਲੋਕਾਂ ਦੀ ਭੀੜ ਦਿਖਾਈ ਦਿੱਤੀ। ਲੋਕ ਵੱਖ-ਵੱਖ ਸੈਕਟਰਾਂ ਦੀਆਂ ਮਾਰਕੀਟਾਂ ਵਿੱਚ ਖਰੀਦਦਾਰੀ ਕਰ ਦੇ ਦਿਖਾਈ ਦਿੱਤੇ। ਸ਼ਹਿਰ ਵਿੱਚ ਲੋਕਾਂ ਦੀ ਭੀੜ ਤੋਂ ਕਰੋਨਾਵਾਇਰਸ ਦੇ ਪਸਾਰ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਸ਼ਹਿਰ ਦੇ ਸੈਕਟਰ-18, 21, 22, 17, 34, 35 ਵਿੱਚ ਸਵੇਰ ਤੋਂ ਹੀ ਲੋਕਾਂ ਦੀ ਭੀੜ ਲੱਗੀ ਰਹੀ। ਜਿੱਥੇ ਲੋਕ ਨਿੱਤ ਵਰਤੋਂ ਦੀਆਂ ਵਸਤਾਂ ਖਰੀਦਦੇ ਰਹੇ। ਲੋਕਾਂ ਦੀ ਭੀੜ ਕਰ ਕੇ ਸ਼ਹਿਰ ਦੀਆਂ ਸੜਕਾਂ ’ਤੇ ਵੀ ਜਾਮ ਵਰਗੇ ਹਾਲਾਤ ਬਣੇ ਰਹੇ। ਦੂਜੇ ਪਾਸੇ ਪੁਲੀਸ ਪ੍ਰਸ਼ਾਸਨ ਵੱਲੋਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਅਤੇ ਮਾਸਕ ਦੀ ਵਰਤੋਂ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਹਰਿਆਣਾ ਵਿੱਚ ਸੱਤ ਦਿਨਾਂ ਦੀ ਤਾਲਾਬੰਦੀ ਅਤੇ ਪੰਜਾਬ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਚੰਡੀਗੜ੍ਹ ਵਿੱਚ ਵੀ ਤਾਲਾਬੰਦੀ ਦੀਆਂ ਅਫ਼ਵਾਹਾਂ ਫੈਲ ਰਹੀਆਂ ਸਨ ਜਿਸ ਕਰ ਕੇ ਲੋਕਾਂ ਵਿੱਚ ਜ਼ਰੂਰੀ ਵਸਤਾਂ ਦੀ ਖਰੀਦਦਾਰੀ ਦੀ ਹੋੜ ਲੱਗੀ ਹੋਈ ਸੀ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਕਾਂ ਨੂੰ ਅਜਿਹੀ ਅਫਵਾਹਾਂ ਨਾ ਫੈਲਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਫਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਪਰੀਦਾ ਨੇ ਸੈਕਟਰ-23 ਦੇ ਕਰੋਨਾ ਕੇਅਰ ਸੇਂਟਰ ਦਾ ਕੀਤਾ ਦੌਰਾ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਯੂਟੀ ਦੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਅੱਜ ਸੈਕਟਰ-23 ਦੇ ਬਾਲ ਭਵਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸਾਈਟੀ ਅਤੇ ‘ਤੇਰਾ ਹੀ ਤੇਰਾ’ ਮਿਸ਼ਨ ਵੱਲੋਂ ਬਣਾਏ ਗਏ ਕੋਵਿਡ ਕੇਅਰ ਸੇਂਟਰ ਦਾ ਦੌਰਾ ਕੀਤਾ। ਪ੍ਰਸ਼ਾਸਕ ਨੇ ਸਮਾਜ ਸੇਵੀ ਜਥੇਬੰਦੀਆਂ ਦੇ ਕਾਰਜ ਦੀ ਸ਼ਲਾਘਾ ਕੀਤੀ, ਜਿਨ੍ਹਾਂ ਵੱਲੋਂ 50 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਹਸਪਤਾਲ ਵਿੱਚ 40 ਆਕਸੀਜਨ ਬੈੱਡ ਹਨ। ਉਨ੍ਹਾਂ ਹੋਰਨਾਂ ਜਥੇਬੰਦੀਆਂ ਨੂੰ ਵੀ ਮਹਾਮਾਰੀ ਦੀ ਲਪੇਟ ਵਿੱਚ ਆਏ ਲੋਕਾਂ ਦੇ ਇਲਾਜ ਵਿੱਚ ਮਦਦ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ। ‘ਤੇਰਾ ਹੀ ਤੇਰਾ ਮਿਸ਼ਨ’ ਦੇ ਐੱਚ.ਐੱਸ. ਸਬਰਵਾਲ ਨੇ ਦੱਸਿਆ ਕਿ ਕੋਵਿਡ ਕੇਅਰ ਸੈਂਟਰ ਵਿੱਚ ਜ਼ੇਰੇ ਇਲਾਜ ਮਰੀਜ਼ਾਂ ਨੂੰ ਆਕਸੀਜਨ, ਵਧੀਆ ਖਾਣਾ, ਪੀਪੀਈ ਕੀਟਾਂ, ਮਾਸਕ ਅਤੇ ਸੈਨੇਟਾਈਜ਼ਰ ਮੁਹੱਈਆ ਕਰਵਾਏ ਗਏ ਹਨ ਜਦਕਿ ਸਮੇਂ-ਸਮੇਂ ’ਤੇ ਡਾਕਟਰਾਂ ਵੱਲੋਂ ਕਰੋਨਾ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।