ਪੱਤਰ ਪ੍ਰੇਰਕ
ਚੰਡੀਗੜ੍ਹ, 29 ਅਪਰੈਲ
ਚੰਡੀਗੜ੍ਹ ਵਿੱਚ 8 ਹੋਰ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਜਦ ਕਿ 801 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸਿਹਤਯਾਬ ਹੋਣ ਮਗਰੋਂ 447 ਮਰੀਜ਼ਾਂ ਨੂੰ ਘਰੇਲੂ ਇਕਾਂਤਵਾਸ ਤੋਂ ਡਿਸਚਾਰਜ ਕੀਤਾ ਗਿਆ। ਸ਼ਹਿਰ ਵਿੱਚ ਕੁੱਲ ਮਰੀਜ਼ਾਂ ਦਾ ਅੰਕੜਾ 6652 ਤੱਕ ਪੁੱਜ ਗਿਆ ਹੈ।
ਸਿਹਤ ਵਿਭਾਗ ਤੋਂ ਮਿਲੇ ਵੇਰਵਿਆਂ ਮੁਤਾਬਕ ਪਿੰਡ ਮੌਲੀ ਜਾਗਰਾਂ ਦੀ ਵਸਨੀਕ 50 ਸਾਲਾ ਔਰਤ, ਧਨਾਸ ਦੇ ਵਸਨੀਕ 51 ਸਾਲਾ ਵਿਅਕਤੀ, ਮਲੋਆ ਦੀ ਵਸਨੀਕ 45 ਸਾਲਾ ਔਰਤ ਦੀ ਜੀ.ਐਮ.ਐਸ.ਐਚ-16 ਵਿੱਚ ਮੌਤ ਹੋ ਗਈ। ਬੁੜੈਲ ਦੇ ਵਸਨੀਕ 60 ਸਾਲਾ ਵਿਅਕਤੀ, ਸੈਕਟਰ 20 ਦੀ ਵਸਨੀਕ 83 ਸਾਲਾ ਔਰਤ, ਸੈਕਟਰ 45 ਦੇ ਵਸਨੀਕ 66 ਸਾਲਾ ਵਿਅਕਤੀ, ਸੈਕਟਰ 23 ਦੇ ਵਸਨੀਕ 59 ਸਾਲਾ ਵਿਅਕਤੀ ਦੀ ਜੀ.ਐਮ.ਸੀ.ਐਚ. 32 ਵਿੱਚ ਮੌਤ ਹੋ ਗਈ।
ਇਸੇ ਪ੍ਰਕਾਰ ਸੈਕਟਰ 40 ਦੀ ਵਸਨੀਕ 52 ਸਾਲਾ ਔਰਤ ਦੀ ਮੋਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਮੌਤ ਹੋ ਗਈ ਹੈ।
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਕਰੋਨਾ ਮਹਾਮਾਰੀ ਦੇ 888 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 45 ਹਜ਼ਾਰ 713 ’ਤੇ ਪਹੁੰਚ ਗਈ ਹੈ। ਉਂਜ ਅੱਜ ਇਕੱਠੇ 774 ਪੀੜਤ ਮਰੀਜ਼ ਠੀਕ ਹੋ ਕੇ ਆਪਣੇ ਘਰ ਪਹੁੰਚ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ 8 ਹੋਰ ਕਰੋਨਾ ਪੀੜਤਾਂ ਦੀ ਮੌਤ ਹੋ ਗਈ।
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਦੀ ਕੋਵਿਡ ਲੈਬ ਵਿੱਚ ਅੱਜ 552 ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ। ਇਸ ਵਿੱਚ ਪੰਚਕੂਲਾ ਜ਼ਿਲ੍ਹੇ ਦੇ 407 ਮਰੀਜ਼ ਸ਼ਾਮਲ ਸਨ। ਬਾਕੀ ਮਰੀਜ਼ ਗੁਆਂਢੀ ਰਾਜਾਂ ਦੇ ਜਾਂ ਜ਼ਿਲਿਆਂ ਦੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਸੱਤ ਮੌਤਾਂ ਕੋਰੋਨਾ ਕਾਰਨ ਹੋਈਆਂ ਹਨ। ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਰੂਪਨਗਰ (ਪੱਤਰ ਪ੍ਰੇਰਕ): ਰੂਪਨਗਰ ਜ਼ਿਲ੍ਹੇ ਵਿੱਚ ਅੱਜ 146 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਜਦੋਂ ਕਿ ਤਿੰਨ ਹੋਰ ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਗਈ। ਰੂਪਨਗਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਅੱਜ ਰੂਪਨਗਰ ਦੇ 64 ਸਾਲਾ ਵਿਅਕਤੀ,ਸ੍ਰੀ ਚਮਕੌਰ ਸਾਹਿਬ ਬਲਾਕ ਦੇ 55 ਸਾਲਾ ਵਿਅਕਤੀ ਅਤੇ ਕੀਰਤਪੁਰ ਸਾਹਿਬ ਬਲਾਕ ਦੇ 66 ਸਾਲਾ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਗਈ।
ਅੰਬਾਲਾ ਜ਼ਿਲ੍ਹੇ ਵਿੱਚ 11 ਮੌਤਾਂ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਜ਼ਿਲ੍ਹੇ ਵਿੱਚ ਇਕ ਦਿਨ ਵਿੱਚ 11 ਮੌਤਾਂ ਹੋਣ ਅਤੇ 487 ਕੇਸ ਪਾਜ਼ੇਟਿਵ ਆਉਣ ਨਾਲ ਪਿਛਲੇ ਸਾਰੇ ਰਿਕਾਰਡ ਟੁੱਟ ਗਏ ਹਨ। ਸਭ ਤੋਂ ਵੱਧ 169 ਕੇਸ ਅੰਬਾਲਾ ਸ਼ਹਿਰ ਤੋਂ ਅਤੇ 90 ਅੰਬਾਲਾ ਛਾਉਣੀ ਤੋਂ ਸਾਹਮਣੇ ਆਏ ਹਨ। ਇਹ ਜਾਣਕਾਰੀ ਡਾ. ਸੁਖਪ੍ਰੀਤ ਨੇ ਦਿੱਤੀ।
ਬਾਲ ਸੁਧਾਰ ਗ੍ਰਹਿ ਦੇ 31 ਬੱਚੇ ਕਰੋਨਾ ਪਾਜ਼ੇਟਿਵ
ਅੰਬਾਲਾ (ਨਿਜੀ ਪੱਤਰ ਪ੍ਰੇਰਕ): ਕਰੋਨਾਵਾਇਰਸ ਦੀ ਲਾਗ ਅੰਬਾਲਾ ਸ਼ਹਿਰ ਸਥਿਤ ਬਾਲ ਸੁਧਾਰ ਘਰ ਤੱਕ ਪਹੁੰਚ ਗਈ ਹੈ। ਇੱਥੇ ਰਹਿ ਰਹੇ ਬੱਚਿਆਂ ਵਿੱਚੋਂ 31 ਬੱਚਿਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਏ ਹਨ। ਇਸ ਦੀ ਪੁਸ਼ਟੀ ਡਾ. ਸੰਜੀਵ ਸਿੰਗਲਾ ਨੇ ਕੀਤੀ।