ਪੀ.ਪੀ.ਵਰਮਾ
ਪੰਚਕੂਲਾ, 5 ਜੁਲਾਈ
ਹਰਿਆਣਾ ਦੇ ਸਹਿਕਾਰਤਾ, ਜਨ ਸਿਹਤ ਅਤੇ ਇੰਜੀਨੀਅਰਿੰਗ ਮੰਤਰੀ ਬਨਵਾਰੀ ਲਾਲ ਨੇ ਅੱਜ ਸੈਕਟਰ 15 ਦੇ ਸ਼ਿਸ਼ੂ ਨਿਕੇਤਨ ਦੀਆਂ ਦੋ ਛੋਟੀਆਂ ਪਰੀਆਂ ਗਾਇਤਰੀ ਅਤੇ ਆਇਤ ਦੀ ਗੋਦ ਲੈਣ ਦੀ ਪ੍ਰਕਿਰਿਆ ਪੂਰੀ ਕੀਤੀ ਅਤੇ ਉਨ੍ਹਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਨਵੇਂ ਪਰਿਵਾਰਾਂ ਨੂੰ ਸੌਂਪੀ। ਉਨ੍ਹਾਂ ਦੱਸਿਆ ਕਿ ਅੱਜ ਕਰੀਬ ਤਿੰਨ ਸਾਲ ਦੀ ਗਾਇਤਰੀ ਨੂੰ ਗੋਦ ਲੈਣ ਦੀ ਪ੍ਰਕਿਰਿਆ ਪੂਰੀ ਕਰਕੇ ਅਮਰੀਕਾ ਦੇ ਮਿਸ਼ੀਗਨ ਸੂਬੇ ਦੇ ਵੇਸਲੇ ਜਾਰਜ ਅਤੇ ਕਲਸੀ ਸਬਰੀਨਾ ਨਾਂ ਦੇ ਜੋੜੇ ਨੂੰ ਕਾਨੂੰਨੀ ਤੌਰ ‘ਤੇ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੂਸਰੀ ਚਾਰ ਮਹੀਨੇ ਦੀ ਬੱਚੀ ਆਇਤ ਨੂੰ ਗੋਦ ਲੈਣ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਨਿਊ ਚੰਡੀਗੜ੍ਹ ਵਿਖੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਮੌਕੇ ਬਨਵਾਰੀ ਲਾਲ ਨੇ ਸ਼ਿਸ਼ੂ ਨਿਕੇਤਨ ਵਿੱਚ ਏਅਰ ਕੰਡੀਸ਼ਨ ਲਗਾਉਣ ਦੀ ਹਰਿਆਣਾ ਰਾਜ ਬਾਲ ਵਿਕਾਸ ਪ੍ਰੀਸ਼ਦ ਦੀ ਆਨਰੇਰੀ ਸਕੱਤਰ ਰੰਜੀਤਾ ਮਹਿਤਾ ਦੀ ਮੰਗ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਦੇ ਓਐਸਡੀ ਜਵਾਹਰ ਯਾਦਵ ਨੇ ਸ਼ਿਸ਼ੂ ਨਿਕੇਤਨ ਦਾ ਦੌਰਾ ਕੀਤਾ ਅਤੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਉਸ ਨੇ ਗੋਦ ਲੈਣ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਛੋਟੀ ਬੱਚੀ ਨੂੰ ਸਬੰਧਤ ਪਰਿਵਾਰ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਸੀਨੀਅਰ ਬਾਲ ਭਲਾਈ ਅਫ਼ਸਰ ਓ.ਪੀ ਮਹਿਰਾ, ਜ਼ਿਲ੍ਹਾ ਬਾਲ ਭਲਾਈ ਅਫ਼ਸਰ ਭਗਤ ਸਿੰਘ, ਸ਼ਿਸ਼ੂ ਨਿਕੇਤਨ ਦੇ ਇੰਚਾਰਜ ਮਿਲਨ ਪੰਡਿਤ, ਅੰਮ੍ਰਿਤ ਕੌਰ, ਸ਼ਿਵਾਨੀ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ।