ਕੁਲਦੀਪ ਸਿੰਘ
ਚੰਡੀਗੜ੍ਹ, 5 ਮਈ
ਪੰਜਾਬ ਯੂਨੀਵਰਸਿਟੀ ਦੀ 69ਵੀਂ ਕਨਵੋਕੇਸ਼ਨ ਭਲਕੇ 6 ਮਈ ਨੂੰ ਹੋਣ ਜਾ ਰਹੀ ਹੈ ਜਿਸ ਵਿੱਚ ਦੇਸ਼ ਦੇ ਉਪ-ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਆ ਰਹੇ ਹਨ। ਉਨ੍ਹਾਂ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਸੂਬਿਆਂ ਦੇ ਗਵਰਨਰ, ਦੋਵੇਂ ਸੂਬਿਆਂ ਦੇ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੀ ਕਨਵੋਕੇਸ਼ਨ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।
ਪੀ.ਯੂ. ਦੇ ਜਿਮਨੇਜ਼ੀਅਮ ਹਾਲ ਵਿੱਚ ਸਵੇਰੇ 10 ਵਜੇ ਸ਼ੁਰੂ ਹੋਣ ਵਾਲੇ ਪ੍ਰੋਗਰਾਮ ਦੇ ਮੱਦੇਨਜ਼ਰ ਅੱਜ ਕੈਂਪਸ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ। ਸਾਰੇ ਗੇਟਾਂ ਉਤੇ ਪੁਲੀਸ ਪ੍ਰਬੰਧ ਮਜ਼ਬੂਤ ਕੀਤੇ ਗਏ ਹਨ ਅਤੇ ਇਸ ਤੋਂ ਇਲਾਵਾ ਪੀ.ਯੂ. ਦੀ ਸਕਿਓਰਿਟੀ ਵੀ ਪੂਰੀ ਤਰ੍ਹਾਂ ਚੌਕਸ ਕਰ ਦਿੱਤੀ ਗਈ ਹੈ। ਅੱਜ ਭਲਕੇ ਹੋਣ ਵਾਲੇ ਇਸ ਪ੍ਰੋਗਰਾਮ ਦੀ ਬਕਾਇਦਾ ਰਿਹਰਸਲ ਕੀਤੀ ਗਈ ਜਿਸ ਦਾ ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਵੱਲੋਂ ਮੁਆਇਨਾ ਕੀਤਾ ਗਿਆ। ਇਸ ਮੌਕੇ ਪੀਐੱਚ.ਡੀ. ਦੇ 1120 ਵਿਦਿਆਰਥੀਆਂ ਨੂੰ ਡਿਗਰੀਆਂ ਮਿਲਣਗੀਆਂ।
ਯੂਨੀਵਰਸਿਟੀ ਦੇ ਗੇਟ ਨੰਬਰ 1 ਤੋਂ ਪ੍ਰਬੰਧਕੀ ਬਲਾਕ, ਕੈਮਿਸਟਰੀ ਵਿਭਾਗ ਅਤੇ ਫਿਜ਼ਿਕਸ ਵਿਭਾਗ ਰਾਹੀਂ ਜਿਮਨੇਜ਼ੀਅਮ ਹਾਲਾ ਤੱਕ ਵੀ.ਵੀ.ਆਈ.ਪੀ. ਰੂਟ ਬਣਾਇਆ ਗਿਆ ਅਤੇ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਇਸ ਰਸਤੇ ਤੋਂ ਕੋਈ ਵੀ ਬਾਹਰੀ ਵਹੀਕਲ ਗੁਜ਼ਰ ਨਹੀਂ ਸਕੇਗਾ ਅਤੇ ਨਾ ਹੀ ਇਸ ਰੂਟ ਉਤੇ ਕੋਈ ਵੀ ਵਹੀਕਲ ਖੜ੍ਹਨ ਦਿੱਤਾ ਜਾਵੇਗਾ। ਹਰੇਕ ਵਿਅਕਤੀ ਨੂੰ ਆਪਣਾ ਵਹੀਕਲ ਉਚਿਤ ਪਾਰਕਿੰਗਾਂ ਵਿੱਚ ਖੜ੍ਹੇ ਕਰਨ ਲਈ ਕਿਹਾ ਗਿਆ ਹੈ। ਗੇਟ ਨੰਬਰ 2 ਸਿਰਫ਼ ਵੀ.ਆਈ.ਪੀਜ਼, ਸੱਦੇ ਹੋਏ ਮਹਿਮਾਨਾਂ, ਫੈਕਲਟੀ ਅਤੇ ਮੀਡੀਆ ਕਰਮਚਾਰੀਆਂ ਲਈ ਖੁੱਲ੍ਹਾ ਰਹੇਗਾ।
ਕਨਵੋਕੇਸ਼ਨ ਵਿੱਚ ਪੀ.ਯੂ. ਦੀ ਆਨਰੇਰੀ ਕਾਉਜ਼ਾ ਡਿਗਰੀਆਂ ਨਾਲ ਜਿਨ੍ਹਾਂ ਨੂੰ ਨਵਾਜਿਆ ਜਾ ਰਿਹਾ ਹੈ, ਉਨ੍ਹਾਂ ਵਿੱਚ ਪ੍ਰੋ. ਅਜੇ ਕੁਮਾਰ ਸੂਦ, ਡਾ. ਕ੍ਰਿਸ਼ਨਾ ਐੱਲਾ ਤੇ ਸ੍ਰੀਮਤੀ ਸੁਚਿੱਤਰਾ ਐੱਲਾ ਦੇ ਨਾਂ ਸ਼ਾਮਲ ਹਨ ਜਿਨ੍ਹਾਂ ਨੂੰ ਡਾਕਟਰ ਆਫ਼ ਸਾਇੰਸ ਦੀ ਡਿਗਰੀ ਨਾਲ ਨਵਾਜਿਆ ਜਾਵੇਗਾ। ਇਸ ਤੋਂ ਇਲਾਵਾ ਪੀ.ਯੂ. ਰਤਨ ਐਵਾਰਡਾਂ ਵਿੱਚੋਂ ਪ੍ਰੋ. ਜੇ. ਐਸ. ਰਾਜਪੂਤ ਨੂੰ ਗਿਆਨ ਰਤਨ, ਵੈਦਯ ਰਾਜੇਸ਼ ਕੋਟੇਚਾ ਨੂੰ ਵਿਗਿਆਨ ਰਤਨ, ਹਾਕੀ ਖਿਡਾਰੀ ਮਿਸ ਰਾਣੀ ਰਾਮਪਾਲ ਨੂੰ ਖੇਡ ਰਤਨ, ਪ੍ਰੋ. (ਡਾ.) ਜਗਬੀਰ ਸਿੰਘ ਨੂੰ ਸਾਹਿਤਯ ਰਤਨ, ਓਂਕਾਰ ਸਿੰਘ ਪਾਹਵਾ ਨੂੰ ਉਦਯੋਗ ਰਤਨ, ਖੰਡੂ ਵਾਂਗਚੁੱਕ ਭੁਟੀਆ ਨੂੰ ਕਲਾ ਰਤਨ ਐਵਾਰਡਾਂ ਨਾਲ ਨਵਾਜਿਆ ਜਾਵੇਗਾ।
ਪੁਲੀਸ ਸਖ਼ਤੀ ਦੇ ਬਾਵਜੂਦ ਵਿਦਿਆਰਥੀਆਂ ਵੱਲੋਂ ਪੀ.ਯੂ. ਵਿੱਚ ਮੁਜ਼ਾਹਰਾ
ਚੰਡੀਗੜ੍ਹ (ਪੱਤਰ ਪ੍ਰੇਰਕ) ਪੰਜਾਬ ਯੂਨੀਵਰਸਿਟੀ ਵਿੱਚ ਪਿਛਲੇ ਦਿਨੀਂ ਵਿਦਿਆਰਥੀ ਮੰਗਾਂ ਲਈ ਸੰਘਰਸ਼ ਵਿੱਚ ਸ਼ਾਮਲ ਹੋਣ ਵਾਲੀ ਫਿਲਾਸਫੀ ਵਿਭਾਗ ਦੀ ਰਿਸਰਚ ਸਕਾਲਰ ਭਵਨਜੋਤ ਕੌਰ ਨੂੰ ਹੋਸਟਲ ਦੀ ਸੁਵਿਧਾ ਦੇਣ ਤੋਂ ਅਥਾਰਿਟੀ ਨੇ ਅੱਜ ਵੀ ਨਰਮ ਵਤੀਰਾ ਨਹੀਂ ਅਪਣਾਇਆ। ਅਥਾਰਿਟੀ ਦੇ ਇਸ ਸਖ਼ਤ ਤੇ ਲੋਕਤੰਤਰ ਵਿਰੋਧੀ ਵਤੀਰੇ ਨੂੰ ਲੈ ਕੇ ਵਿਦਿਆਰਥੀ ਜਥੇਬੰਦੀ ਐੱਸ.ਐੱਫ.ਐੱਸ. ਵੱਲੋਂ ਅੱਜ ਵੀ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ’ਚ ਹੋਸਟਲ ਨੰਬਰ 5 ਦੀ ਵਾਰਡਨ ਦਾ ਤਿੱਖਾ ਵਿਰੋਧ ਕੀਤਾ ਗਿਆ ਤੇ ਰਿਸਰਚ ਸਕਾਲਰ ਭਵਨਜੋਤ ਕੌਰ ਨੂੰ ਹੋਸਟਲ ਅਲਾਟਮੈਂਟ ਪ੍ਰਕਿਰਿਆ ਪੂਰੀ ਕਰਕੇ ਹੋਸਟਲ ਦਿੱਤੇ ਜਾਣ ਦੀ ਮੰਗ ਕੀਤੀ ਗਈ। ਦਫ਼ਤਰ ਦੇ ਬਾਹਰ ਲਾਏ ਬੈਰੀਕੇਡਾਂ ’ਤੇ ਜਥੇਬੰਦੀ ਵੱਲੋਂ ਆਪਣੀਆਂ ਮੰਗਾਂ ਤੇ ਅਥਾਰਿਟੀ ਵਿਰੋਧੀ ਪੋਸਟਰ ਉਤਰਵਾਉਣ ਲਈ ਪੀ.ਯੂ. ਦੇ ਅਧਿਕਾਰੀ, ਚੀਫ਼ ਸਕਿਓਰਿਟੀ ਅਫ਼ਸਰ ਤੇ ਚੰਡੀਗੜ੍ਹ ਪੁਲੀਸ ਦੇ ਕਰਮਚਾਰੀ ਪਹੁੰਚੇ ਤੇ ਵਿਦਿਆਰਥੀਆਂ ’ਤੇ ਪੁਲੀਸ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਗਈ ਜਿਸ ਦੌਰਾਨ ਪੋਸਟਰ ਉਤਾਰੇ ਗਏ। ਪੋਸਟਰ ਉਤਰਵਾਉਣ ਲਈ ਰੋਸ ਪ੍ਰਦਰਸ਼ਨ ਵਾਲੀ ਥਾਂ ਪਹੁੰਚੇ ਅਧਿਕਾਰੀਆਂ ਨੇ ਜਥੇਬੰਦੀ ਦੀ ਮੰਗ ਮੁਤਾਬਕ ਭਵਨਜੀਤ ਕੌਰ ਨੂੰ ਹੋਸਟਲ ਮੁਹੱਈਆ ਕਰਵਾਉਣ ਦਾ ਕੋਈ ਲਿਖਤੀ ਹੁਕਮ ਨਹੀਂ ਦਿੱਤਾ। ਐੱਸ.ਐੱਫ.ਐੱਸ. ਦੇ ਪ੍ਰਧਾਨ ਸੰਦੀਪ, ਗਗਨ ਤੇ ਰਿਸਰਚ ਸਕਾਲਰ ਭਵਨਜੋਤ ਨੇ ਕਿਹਾ ਕਿ ਭਲਕੇ 6 ਮਈ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਉਪ-ਰਾਸ਼ਟਰਪਤੀ ਐਮ. ਵੈਂਕੈਯਾ ਨਾਇਡੂ ਜੋ ਪੀ.ਯੂ. ਦੇ ਚਾਂਸਲਰ ਵੀ ਹਨ, ਕਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਲਈ ਆ ਰਹੇ ਹਨ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਅਥਾਰਿਟੀ ਕੈਂਪਸ ਵਿੱਚ ਪੂਰੀ ਤਰ੍ਹਾਂ ਸ਼ਾਂਤ ਮਾਹੌਲ ਦਰਸਾਉਣਾ ਚਾਹੁੰਦੀ ਸੀ ਜਿਸ ਲਈ ਇਹ ਦਬਾਅ ਵਾਲੀ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਹੋਸਟਲ ਨੰਬਰ 5 ਦੀ ਮਹਿਲਾ ਵਾਰਡਨ ਸਮੇਤ ਪੀ.ਯੂ. ਅਥਾਰਿਟੀ ਦੇਸ਼ ਦੇ ਸੰਵਿਧਾਨ ਵਿੱਚ ਲੋਕਾਂ ਨੂੰ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਦੇ ਮਿਲੇ ਹੱਕਾਂ ਨੂੰ ਕੁਚਲਣ ਵਿੱਚ ਜੁਟੀ ਹੋਈ ਹੈ ਜਿਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜਮਾਤ ਆਪਣੀਆਂ ਮੰਗਾਂ ਮਨਵਾਉਣ ਅਤੇ ਭਵਿੱਖ ਵਿੱਚ ਵੀ ਹੋਣ ਵਾਲੀ ਹਰ ਧੱਕੇਸ਼ਾਹੀ ਦਾ ਡੱਟ ਕੇ ਵਿਰੋਧ ਕਰੇਗੀ।