ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 24 ਫਰਵਰੀ
ਪੰਜਾਬ ਦੇ ਸਕੂਲਾਂ ਵਿੱਚ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਵਿਵਾਦਿਤ ਇਤਿਹਾਸ ਦੀ ਕਿਤਾਬ ਪੜ੍ਹਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਤੇ ਸਿੱਖ ਆਗੂ ਜਥੇਦਾਰ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਵੀਰਵਾਰ ਨੂੰ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਸਣੇ ਸਿੱਖ ਜਥੇਬੰਦੀਆਂ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਕਾਰਕੁਨਾਂ ਨੇ ਸਿੱਖਿਆ ਬੋਰਡ ਦੇ ਦੋਵੇਂ ਗੇਟ ਬੰਦ ਕਰਕੇ ਰੋਸ ਮੁਜ਼ਾਹਰਾ ਕੀਤਾ। ਉਧਰ, ਲੜੀਵਾਰ ਧਰਨਾ ਅੱਜ 19ਵੇਂ ਦਿਨ ’ਚ ਦਾਖ਼ਲ ਹੋ ਗਿਆ। ਉਨ੍ਹਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਤੇ 28 ਫਰਵਰੀ ਨੂੰ ਵਿਸ਼ਾਲ ਮਹਾ ਰੈਲੀ ਕਰਨ ਦਾ ਐਲਾਨ ਕਰਕੇ ਅਧਿਕਾਰੀਆਂ ਦੀ ਨੀਂਦ ਉਡਾ ਦਿੱਤੀ ਹੈ। ਸ਼ਾਮ ਨੂੰ ਲੱਖਾ ਸਿੰਘ ਸਿਧਾਣਾ ਨੇ ਧਰਨੇ ’ਚ ਪਹੁੰਚ ਕੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ। ਉਨ੍ਹਾਂ ਆਮ ਲੋਕਾਂ ਨੂੰ ਸੰਘਰਸ਼ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ।
ਮੀਟਿੰਗ ਤੋਂ ਬਾਅਦ ਜਥੇਦਾਰ ਸਿਰਸਾ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਲੋਕਾਂ ਦੇ ਕੰਮਾਂ ’ਚ ਰੁਕਾਵਟ ਪਾਉਣਾ ਨਹੀਂ, ਸਗੋਂ ਸਿੱਖ ਇਤਿਹਾਸ ਤੇ ਗੁਰੂ ਸਾਹਿਬਾਨ ਪ੍ਰਤੀ ਸੱਚ ਨੂੰ ਉਜਾਗਰ ਕਰਨ ਲਈ ਜਾਗਰੂਕ ਕਰਨਾ, ਸਰਕਾਰ ਤੇ ਅਧਿਕਾਰੀਆਂ ਨੂੰ ਗੂੜ੍ਹੀ ਨੀਂਦ ਤੋਂ ਜਗਾਉਣ ਲਈ ਟਰੇਲਰ ਮਾਤਰ ਹੀ ਸਿੱਖਿਆ ਅਦਾਰੇ ਦੇ ਗੇਟ ਬੰਦ ਕੀਤੇ ਗਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਜਲਦੀ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਗੁਪਤ ਐਕਸ਼ਨ ਕੀਤੇ ਜਾਣਗੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਸਿੱਖ ਇਤਿਹਾਸ ਨੂੰ ਗਲਤ ਢੰਗ ਨਾਲ ਪੇਸ਼ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਤੋਂ ਪਹਿਲਾਂ ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਗਲਤ ਸ਼ਬਦਾਵਲੀ ਵਾਲੀਆਂ ਕਿਤਾਬਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲ ’ਚ ਲਿਆਂਦਾ ਜਾਵੇ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਸਿੱਖ ਇਤਿਹਾਸ ਨੂੰ ਸਾਜ਼ਿਸ਼ ਤਹਿਤ ਤੋੜ ਮਰੋੜ ਕੇ ਬੱਚਿਆਂ ਨੂੰ ਪਰੋਸਿਆ ਜਾ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਜਦੋਂ ਤੱਕ ਮਸਲੇ ਦਾ ਹੱਲ ਨਹੀਂ ਹੋ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।