ਦਰਸ਼ਨ ਸਿੰਘ ਸੋਢੀ
ਮੁਹਾਲੀ, 13 ਜੁਲਾਈ
ਮੁਹਾਲੀ ਪੁਲੀਸ ਨੇ ਸ਼ਾਦੀ ਡਾਟਕਾਮ ’ਤੇ ਨਕਲੀ ਆਈਡੀ ਬਣਾ ਕੇ ਲੋਕਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਕਥਿਤ ਠੱਗੀਆਂ ਮਾਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਥੇ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਨੂੰ ਜ਼ਿਲ੍ਹਾ ਪੁਲੀਸ ਦੇ ਸਾਈਬਰ ਸੈੱਲ ਦੇ ਡੀਐਸਪੀ ਅਮਨਦੀਪ ਸਿੰਘ ਅਤੇ ਸੋਹਾਣਾ ਥਾਣਾ ਦੇ ਐੱਸਐੱਚਓ ਭਗਵੰਤ ਸਿੰਘ ਦੀ ਟੀਮ ਨੇ ਸਾਂਝੇ ਅਪਰੇਸ਼ਨ ਦੌਰਾਨ ਕੀਤੀ। ਮੁਲਜ਼ਮ ਰਮਨਵੀਰ ਕੌਰ ਵਾਸੀ ਅੰਮ੍ਰਿਤਸਰ ਅਤੇ ਉਸ ਦੇ ਸਾਥੀ ਬਲਜੀਤ ਸਿੰਘ ਵਾਸੀ ਤਰਨਤਾਰਨ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਧਾਰਾ 420, 406, 120ਬੀ ਅਤੇ 66 (ਸੀ) ਆਈਟੀ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਰਮਨਵੀਰ ਕੌਰ ਇਸ ਸਮੇਂ ਮੁਹਾਲੀ ਵਿੱਚ ਰਹਿੰਦੀ ਹੈ। ਪੁਲੀਸ ਅਨੁਸਾਰ ਬਲਜੀਤ ਸਿੰਘ ਨੇ ਆਪਣੇ ਨਾਂ ’ਤੇ ਮੋਬਾਈਲ ਨੰਬਰ\ਸਿਮ ਕਾਰਡ ਲੈ ਕੇ ਰਮਨਵੀਰ ਕੌਰ ਨੂੰ ਦਿੰਦਾ ਸੀ। ਫਿਰ ਇਹ ਔਰਤ ਵੱਖ-ਵੱਖ ਨਾਵਾਂ ’ਤੇ ਸ਼ਾਦੀ ਡਾਟਕਾਮ ਮੈਟਰੀਮੋਨੀਅਲ ਸਾਈਟ ’ਤੇ ਅਕਾਊਂਟ ਬਣਾ ਕੇ ਵਿਆਹ ਲਈ ਲੜਕੀ ਦੀ ਭਾਲ ਕਰਦੇ ਲੋਕਾਂ ਨਾਲ ਤਾਲਮੇਲ ਕਰਦੀ ਸੀ ਅਤੇ ਉਨ੍ਹਾਂ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਮੁਹਾਲੀ ਬੁਲਾਉਂਦੀ ਸੀ। ਔਰਤ ਨੂੰ ਮੁਹਾਲੀ ਮਿਲਣ ਆਉਂਦੇ ਲੋਕਾਂ ਨੂੰ ਝਾਂਸੇ ਵਿੱਚ ਲੈ ਕੇ ਸਾਂਝੀ ਐੱਫ਼ਡੀ ਖੁੱਲ੍ਹਵਾਉਣ ਅਤੇ ਰਜਿਸਟਰੀ ਕਰਵਾਉਣ ਲਈ ਉਨ੍ਹਾਂ ਤੋਂ ਪੈਸੇ ਲੈ ਲੈਂਦੀ ਸੀ ਅਤੇ ਬਾਅਦ ਵਿੱਚ ਰਫੂਚੱਕਰ ਹੋ ਜਾਂਦੀ ਸੀ ਅਤੇ ਆਪਣਾ ਪੁਰਾਣਾ ਮੋਬਾਈਲ ਨੰਬਰ ਬੰਦ ਕਰ ਲੈਂਦੀ ਸੀ। ਥਾਣਾ ਸੋਹਾਣਾ ਦੇ ਐੱਸਐੰਚਓ ਭਗਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਔਰਤ ਸਾਜ਼ਿਸ਼ ਤਹਿਤ ਮੌਕੇ ਤੋਂ ਭੱਜਣ ਲਈ ਬੜੀ ਚਲਾਕੀ ਨਾਲ ਪਹਿਲਾਂ ਮਿਲਣ ਆਉਂਦੇ ਵਿਅਕਤੀਆਂ ਦਾ ਸਾਰਾ ਸਾਮਾਨ ਕਾਰ ਵਿੱਚ ਰਖਵਾ ਲੈਂਦੀ ਸੀ ਅਤੇ ਕਾਰ ਨੂੰ ਧੱਕਾ ਲਗਾਉਣ ਦੇ ਬਹਾਨੇ ਸਾਰਾ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਜਾਂਦੀ ਸੀ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 21 ਹਜ਼ਾਰ ਰੁਪਏ ਅਤੇ ਆਈ-10 ਕਾਰ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਹੈ।