ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਫਰਵਰੀ
ਖੁਦ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਪੀਏ ਦੱਸ ਕੇ ਸ਼ਰਾਬ ਠੇਕੇਦਾਰਾਂ ਨੂੰ ਦਬਕੇ ਮਾਰਨ ਵਾਲੇ ਵਿਅਕਤੀ ਨੂੰ ਚੰਡੀਗੜ੍ਹ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪੁਲੀਸ ਨੇ ਤਿੰਨ ਲੱਖ ਰੁਪਏ ਦੇ ਕਰੀਬ ਮਹਿੰਗੀ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧੀ ਐੱਸਐੱਸਪੀ ਚੰਡੀਗੜ੍ਹ ਕੁਲਦੀਪ ਸਿੰਘ ਚਹਿਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਗੁਰਨਾਮ ਸਿੰਘ ਵਾਸੀ ਪਿੰਡ ਮੁੰਡੀ ਖਰੜ, ਮੁਹਾਲੀ ਵਜੋਂ ਹੋਈ। ਇਹ ਕਾਰਵਾਈ ਥਾਣਾ ਸੈਕਟਰ-17 ਦੀ ਪੁਲੀਸ ਨੇ ਕੀਤੀ ਹੈ।
ਐੱਸਐੱਸਪੀ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਮੁਲਜ਼ਮ ਆਪਣੇ-ਆਪ ਨੂੰ ਪੰਜਾਬ ਰਾਜਪਾਲ ਦਾ ਸਕੱਤਰ ਜਾਂ ਪੀਏ ਦੱਸ ਕੇ ਦਬਕੇ ਮਾਰਦਾ ਸੀ। ਉਹ 21 ਅਤੇ 23 ਫਰਵਰੀ ਨੂੰ ਸੈਕਟਰ-31 ਵਿੱਚ ਸ਼ਰਾਬ ਠੇਕੇਦਾਰ ਤੋਂ ਤਿੰਨ ਪੇਟੀਆਂ ਮਹਿੰਗੀ ਸ਼ਰਾਬ ਲੈ ਕੇ ਫਰਾਰ ਹੋ ਗਿਆ ਜਿਸ ਦੀ ਕੀਮਤ ਢਾਈ ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਇਸੇ ਤਰ੍ਹਾਂ 27 ਫਰਵਰੀ ਨੂੰ ਸੈਕਟਰ-16 ਵਿੱਚ ਸ਼ਰਾਬ ਠੇਕੇਦਾਰ ਤੋਂ ਦੋ ਪੇਟੀਆਂ ਮਹਿੰਗੀ ਸ਼ਰਾਬ ਦੀਆਂ ਲੈ ਗਿਆ ਜਿਸ ਦੀ ਕੀਮਤ 42 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸੈਕਟਰ-17 ਵਿੱਚ ਦੁਕਾਨ ਤੋਂ ਮਹਿੰਗੇ ਪਰਸ, ਬੈਲਟ ਲਿਜਾ ਚੁੱਕਿਆ ਹੈ।
ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਸੈਕਟਰ-22 ਵਿੱਚੋਂ ਗ੍ਰਿਫ਼ਤਾਰ ਕਰ ਲਿਆ ਜਿੱਥੇ ਉਹ ਸ਼ਰਾਬ ਵੇਚਣ ਲਈ ਜਾ ਰਿਹਾ ਸੀ। ਸੈਕਟਰ-17 ਦੀ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਨੇ ਦੱਸਿਆ ਕਿ ਇਹ ਵਿਅਕਤੀ ਖਰੜ ਵਿੱਚ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਜੋ ਪਿਛਲੇ ਡੇਢ ਕੁ ਮਹੀਨੇ ਤੋਂ ਅਜਿਹੀ ਘਟਨਾਵਾਂ ਕਰ ਰਿਹਾ ਸੀ ਜਿਸ ਤੋਂ ਸ਼ਰਾਬ ਅਤੇ ਵਾਰਦਾਤ ਵਿੱਚ ਵਰਤੀ ਗਈ ਕਾਰ ਬਰਾਮਦ ਕਰ ਲਈ ਹੈ।