ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 14 ਜੂਨ
ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ ਨਵੀਂ ਸ਼ਰਾਬ ਨੀਤੀ ਦੇ ਖ਼ਿਲਾਫ਼ ਹੁਣ ਸ਼ਰਾਬ ਤੇ ਵਾਈਨ ਠੇਕੇਦਾਰ ਵੀ ਸੜਕਾਂ ’ਤੇ ਉਤਰ ਆਏ ਹਨ। ਪੰਜਾਬ ਭਰ ਦੇ ਸ਼ਰਾਬ ਦੇ ਠੇਕੇਦਾਰਾਂ ਨੇ ਅੱਜ ਇੱਥੋਂ ਦੇ ਸੈਕਟਰ-69 ਸਥਿਤ ਆਬਕਾਰੀ ਕਮਿਸ਼ਨਰ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਧਰਨਾ ਦਿੱਤਾ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਨਵੀਂ ਸ਼ਰਾਬ ਨੀਤੀ ਨੂੰ ਰੱਦ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਕਿਹਾ ਕਿ ਨਵੀਂ ਸ਼ਰਾਬ ਨੀਤੀ ਆਮ ਆਦਮੀ ਲਈ ਨਹੀਂ ਬਲਕਿ ਖ਼ਾਸ ਆਦਮੀਆਂ ਲਈ ਬਣਾਈ ਗਈ ਹੈ।
ਇਸ ਮੌਕੇ ਠੇਕੇਦਾਰ ਯੂਨੀਅਨ ਦੇ ਪ੍ਰਧਾਨ ਬਿੰਦਰ ਬਰਾੜ, ਅਨਿਲ ਮਹਾਜਨ, ਗੌਰਵ ਜੈਨ, ਹਰਜੀਤ ਸਿੰਘ ਢਿੱਲੋਂ, ਕੁਲਬੀਰ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਉਹ ਪੰਜਾਬ ਵਿੱਚ ਸ਼ਰਾਬ ਸਸਤੀ ਕਰਨ ਦੇ ਖ਼ਿਲਾਫ਼ ਨਹੀਂ ਹਨ, ਸ਼ਰਾਬ ਜ਼ਰੂਰ ਸਸਤੀ ਹੋਣੀ ਚਾਹੀਦੀ ਹੈ ਪਰ ਮਿੱਥ ਕੇ ਸ਼ਰਾਬ ਠੇਕੇਦਾਰਾਂ ਨੂੰ ਨਿਸ਼ਾਨਾ ਬਣਾਉਣਾ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਨਵੀਂ ਸ਼ਰਾਬ ਨੀਤੀ ਵਿੱਚ ਬਹੁਤ ਸਾਰੀਆਂ ਖ਼ਾਮੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਕਿਉੂਰਿਟੀ ਫੀਸ 7 ਕਰੋੜ ਰੁਪਏ ਰੱਖੀ ਹੈ, ਜੋ ਠੇਕੇਦਾਰਾਂ ਲਈ ਦੇਣੀ ਮੁਸ਼ਕਲ ਹੈ। ਉਨ੍ਹਾਂ ਮੰਗ ਕੀਤੀ ਕਿ ਸਕਿਉੂਰਿਟੀ ਰਾਸ਼ੀ 17 ਫੀਸਦੀ ਤੋਂ ਘਟਾ ਕੇ 10 ਫੀਸਦੀ ਕੀਤੀ ਜਾਵੇ ਅਤੇ ਇਸ ਨੂੰ ਲਾਇਸੈਂਸ ਦਾ ਹਿੱਸਾ ਮੰਨਿਆ ਜਾਵੇ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਲਗਪਗ 40 ਕਰੋੜ ਦਾ ਵੱਡਾ ਸਰਕਲ ਬਣਾ ਕੇ ਛੋਟੇ ਕਾਰੋਬਾਰੀਆਂ ਨੂੰ ਖ਼ਤਮ ਕਰਨ ਦੀ ਯੋਜਨਾ ਘੜੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸ਼ਰਾਬ ਦਾ ਕੋਟਾ ਫਿਕਸ ਹੁੰਦਾ ਸੀ ਪਰ ਹੁਣ ਸਰਕਾਰ ਨੇ ਕੋਟਾ ਓਪਨ ਕਰ ਦਿੱਤਾ ਹੈ। ਇਸ ਨਾਲ ਠੇਕੇਦਾਰਾਂ ਨੂੰ ਕਾਫ਼ੀ ਨੁਕਸਾਨ ਹੋਵੇਗਾ। ਧਰਨੇ ਨੂੰ ਬਨੀਤ ਨਵਾਂ ਸ਼ਹਿਰ, ਸਰਤਾਜ ਬਾਜਵਾ, ਰਾਕੇਸ਼ ਕੁਮਾਰ, ਪਰਦੀਪ ਕੁਮਾਰ ਦਸੂਹਾ, ਨਰੇਸ਼ ਰਾਣਾ ਮੁਹਾਲੀ, ਸੱਜਣ ਸਿੰਘ ਗੁਰਦਾਸਪੁਰ, ਗੁਰਪ੍ਰੀਤ ਸਿੰਘ ਨਵਾਂ ਸ਼ਹਿਰ ਨੇ ਵੀ ਸੰਬੋਧਨ ਕੀਤਾ। ਇਸੇ ਦੌਰਾਨ ਆਬਕਾਰੀ ਵਿਭਾਗ ਦੇ ਸੰਯੁਕਤ ਕਮਿਸ਼ਨਰ ਨਰੇਸ਼ ਦੂਬੇ ਨੇ ਧਰਨਾ ਦੇ ਰਹੇ ਸ਼ਰਾਬ ਦੇ ਠੇਕੇਦਾਰਾਂ ਕੋਲੋਂ ਮੰਗ ਪੱਤਰ ਹਾਸਲ ਕੀਤਾ ਅਤੇ ਮੰਗਾਂ ’ਤੇ ਗੌਰ ਕਰਨ ਦਾ ਭਰੋਸਾ ਦਿੱਤਾ। ਇਸ ਮਗਰੋਂ ਠੇਕੇਦਾਰਾਂ ਨੇ ਧਰਨਾ ਚੁੱਕ ਲਿਆ।