ਪੱਤਰ ਪ੍ਰੇਰਕ
ਕੁਰਾਲੀ, 17 ਮਾਰਚ
ਅੱਜ ਕੁਰਾਲੀ ਕਮਿਊਨਿਟੀ ਹੈਲਥ ਸੈਂਟਰ ਨੂੰ ਸਿਵਲ ਹਸਪਤਾਲ ਦਾ ਦਰਜਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਮਾਰਸ਼ਲ ਗਰੁੱਪ ਦੀ ਭੁੱਖ ਹੜਤਾਲ 16ਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਐੱਸਡੀਐੱਮ ਖਰੜ ਹਿਮਾਂਸ਼ੂ ਜੈਨ, ਸਿਵਲ ਸਰਜਨ ਡਾ. ਅਦਰਸ਼ਪਾਲ ਕੌਰ, ਡਾ. ਰੇਨੂੰ ਸਿੰਘ ਆਦਿ ਸਥਾਨਕ ਹਸਪਤਾਲ ਪੁੱਜੇ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕਰਦਿਆਂ ਮੰਗਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਨੌਜਵਾਨ ਆਗੂ ਰਣਜੀਤ ਸਿੰਘ ਕਾਕਾ ਮਾਰਸ਼ਲ ਦੀ ਅਗਵਾਈ ਵਿਚ ਅਮਨਦੀਪ ਸਿੰਘ ਗੋਲਡੀ ਸਾਬਕਾ ਸਰਪੰਚ, ਸੁਨੀਲ ਕੁਮਾਰ (ਪ੍ਰਧਾਨ ਬ੍ਰਾਹਮਣ ਸਭ ਕੁਰਾਲੀ), ਸ਼ਿਵਨਾਥ ਸ਼ਰਮਾ, ਜਗਜੀਵਨ ਸ਼ਰਮਾ, ਸਰਪੰਚ ਮਨਮੋਹਨ ਸਿੰਘ ਮਾਵੀ, ਸੁਰਿੰਦਰ ਸਿੰਘ ਲਹਿਲ ਨੱਗਲ ਗੜ੍ਹੀਆਂ ਨੇ ਵਫਦ ਦੇ ਰੂਪ ’ਚ ਕੁਰਾਲੀ ਹਸਪਤਾਲ ’ਚ ਹਿਮਾਂਸ਼ੂ ਜੈਨ ਅਤੇ ਹੋਰਨਾਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਮੰਗਾਂ ਸਬੰਧੀ ਜਾਣੂ ਕਰਵਾਇਆ। ਕਾਕਾ ਮਾਰਸ਼ਲ ਨੇ ਦੱਸਿਆ ਕਿ ਇਥੇ ਨਾ ਤਾਂ ਡਾਇਲਸਿਸ ਦੀ ਮਸ਼ੀਨ ਹੈ, ਨਾ ਹੀ ਅਲਟਰਾਸਾਊਂਡ ਦੀ ਮਸ਼ੀਨ ਤੇ ਰੇਡੀਓਲੋਜਿਸਟ ਹੈ। ਹਸਪਤਾਲ ਵਿੱਚ ਅਪਰੇਸ਼ਨਾਂ ਦਾ ਵੀ ਕੋਈ ਪ੍ਰਬੰਧ ਨਹੀਂ ਹੈ।
ਇਸੇ ਤਰ੍ਹਾਂ ਰੈੱਡ ਕਰਾਸ ਦੀ ਦਵਾਈਆਂ ਵਾਲੀ ਦੁਕਾਨ ਬੰਦ ਹੋਣ ਕਾਰਨ ਮਰੀਜ਼ ਬਾਹਰ ਮਹਿੰਗੇ ਭਾਅ ਖਰੀਦਣ ਲਈ ਮਜਬੂਰ ਹਨ। ਉਨ੍ਹਾਂ ਮੰਗ ਕੀਤੀ ਕਿ ਹਸਪਤਾਲ ਵਿੱਚ ਡਾਕਟਰ ਆਰਜ਼ੀ ਰੂਪ ’ਚ ਨਹੀਂ ਬਲਕਿ ਪੱਕੀਆਂ ਪੋਸਟਾਂ ਦੇ ਨਾਲ ਲੱਗਣੇ ਚਾਹੀਦੇ ਹਨ। ਇਸ ਮੌਕੇ ਮੰਗ ਰੱਖੀ ਗਈ ਕਿ ਟਰਾਮਾ ਸੈਂਟਰ ਬਣਾਉਣ ਲਈ ਐੱਮਪੀ ਮਨੀਸ਼ ਤਿਵਾੜੀ ਵਲੋਂ ਵਾਅਦਾ ਪੂਰਾ ਕੀਤਾ ਜਾਵੇ। ਧਰਨਾਕਾਰੀ ਭੁੱਖ ਹੜਤਾਲ ਜਾਰੀ ਰੱਖਣ ਲਈ ਬਜ਼ਿੱਦ ਐੱਸਡੀਐੱਮ ਹਿਮਾਂਸ਼ੂ ਜੈਨ ਨੇ ਧਰਨਾਕਾਰੀਆਂ ਨੂੰ ਭੁੱਖ ਹੜਤਾਲ ਖਤਮ ਕਾਰਨ ਦੀ ਅਪੀਲ ਕੀਤੀ ਪਰ ਧਰਨਾਕਾਰੀਆਂ ਨੇ ਕਿਹਾ ਕਿ ਜਦੋਂ ਤਕ ਸਿਹਤ ਸਹੂਲਤਾਂ ਪੱਕੇ ਰੂਪ ਵਿਚ ਲਾਗੂ ਨਹੀਂ ਹੁੰਦੀਆਂ ਧਰਨਾ ਉਦੋਂ ਤਕ ਜਾਰੀ ਰਹੇਗਾ।