ਸਰਬਜੀਤ ਸਿੰਘ ਭੱਟੀ
ਲਾਲੜੂ, 2 ਨਵੰਬਰ
ਨਗਰ ਕੌਂਸਲ ਲਾਲੜੂ ਅਧੀਨ ਆਉਂਦੇ ਕਈ ਵਾਰਡਾਂ ਵਿਚ ਸਫ਼ਾਈ ਦਾ ਪ੍ਰਬੰਧ ਨਾ ਹੋਣ ਕਾਰਨ ਚਾਰੇ ਪਾਸੇ ਗੰਦਗੀ ਫੈਲੀ ਹੋਈ ਹੈ। ਇਸ ਕਾਰਨ ਮੱਖੀਆਂ ਤੇ ਮੱਛਰਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋ ਰਿਹਾ ਹੈ, ਲੋਕਾਂ ਨੇ ਗੰਦਗੀ ਦੇ ਕਾਰਨ ਮਹਾਂਮਾਰੀ ਫੈਲਣ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ।
ਵਾਰਡ ਨੰਬਰ-5, 6, 7, 8 ਸਣੇ ਪੁਰਾਣੀ ਸਬਜ਼ੀ ਮੰਡੀ ਅਤੇ ਮੁੱਖ ਬਾਜ਼ਾਰ ਇਸ ਵੇਲੇ ਗੰਦਗੀ ਨਾਲ ਭਰੇ ਪਏ ਹਨ। ਚਾਰੇ ਪਾਸੇ ਲੋਕਾਂ ਵੱਲੋਂ ਪੌਲੀਥੀਨ ਲਿਫਾਫਿਆਂ ਵਿਚ ਪਾ ਕੇ ਆਪਣੇ ਘਰਾਂ ਦਾ ਗੰਦ ਸੁੱਟਿਆ ਜਾ ਰਿਹਾ ਹੈ। ਕੂੜੇ ਦੇ ਢੇਰਾਂ ਵਿੱਚੋਂ ਆ ਰਹੀ ਗੰਦੀ ਬਦਬੂ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਵੱਡੇ ਪੱਧਰ ਤੇ ਪੌਲੀਥੀਨ ਦੇ ਲਿਫਾਫੇ ਗਲੀਆਂ ਅਤੇ ਚੌਕਾਂ ਵਿਚ ਖਿਲਰੇ ਪਏ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੁੂੰ ਲੈ ਕੇ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਪਰ ਕੋਈ ਸੁਣਵਾਈ ਨਹੀਂ ਹੋ ਰਹੀ।
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਬਰਜਿੰਦਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਫ਼ਾਈ ਕਰਮਚਾਰੀ ਤਾਇਨਾਤ ਕੀਤੇ ਹੋਏ ਹਨ ਅਤੇ ਸਫ਼ਾਈ ਦਾ ਕੰਮ ਚੱਲ ਰਿਹਾ ਹੈ।