ਹਰਜੀਤ ਸਿੰਘ
ਡੇਰਾਬੱਸੀ, 16 ਅਪਰੈਲ
ਇਥੋਂ ਦੇ ਰੌਣੀ ਮੁਹੱਲੇ ਵਿੱਚ ਲੰਘੇ ਕਈਂ ਦਿਨਾਂ ਤੋਂ ਜ਼ਮੀਨਦੋਜ਼ ਨਾਲੀਆਂ ਜਾਮ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਲੀਆਂ ਜਾਮ ਹੋਣ ਕਾਰਨ ਦੂਸ਼ਿਤ ਪਾਣੀ ਮੇਨ ਹੋਲ ਤੋਂ ਓਵਰਫਲੋਅ ਹੋ ਕੇ ਗ਼ਲੀਆਂ ਵਿੱਚ ਵਗ ਰਿਹਾ ਹੈ। ਦੂਸ਼ਿਤ ਪਾਣੀ ਵਿੱਚੋਂ ਉੱਠਣ ਵਾਲੀ ਬਦਬੂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹੱਲਾ ਵਾਸੀਆਂ ਨੇ ਨਗਰ ਕੌਂਸਲ ਤੋਂ ਨਿਯਮਿਤ ਸਾਫ਼-ਸਫ਼ਾਈ ਕਰਵਾਉਣ ਦੀ ਮੰਗ ਕੀਤੀ ਹੈ।
ਮਹਿੰਦਰ ਸਿੰਘ, ਨਵਨੀਤ ਸਿੰਘ, ਪਰਮਜੀਤ ਸਿੰਘ, ਰਜਿੰਦਰ ਸਿੰਘ, ਜਗਜੀਤ ਸਿੰਘ, ਬਲਜੀਤ ਸਿੰਘ ਸਣੇ ਹੋਰਨਾਂ ਨੇ ਦੱਸਿਆ ਕਿ ਕੌਂਸਲ ਵੱਲੋਂ ਉਨ੍ਹਾਂ ਦੇ ਮੁਹੱਲੇ ਵਿੱਚ ਸਾਫ਼-ਸਫ਼ਾਈ ਦੇ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਸਫ਼ਾਈ ਕਰਮੀ ਆਪਣੀ ਮਰਜ਼ੀ ਨਾਲ ਆਉਂਦੇ ਹਨ ਜਿਸ ਕਾਰਨ ਥਾਂ ਥਾਂ ਗੰਦਗੀ ਫੈਲ ਜਾਂਦੀ ਹੈ। ਕੌਂਸਲ ਵੱਲੋਂ ਲੰਘੇ ਸਮੇਂ ਦੌਰਾਨ ਲੋਕਾਂ ਦੇ ਘਰਾਂ ਦੇ ਦੂਸ਼ਿਤ ਪਾਣੀ ਦੀ ਨਿਕਾਸੀ ਲਈ ਜ਼ਮੀਨਦੋਜ਼ ਪਾਈਪ ਲਾਈਨ ਵਿਛਾਈ ਸੀ। ਪਰ ਉਨ੍ਹਾਂ ਦੀ ਨਿਯਮਿਤ ਸਫ਼ਾਈ ਨਾ ਹੋਣ ਕਾਰਨ ਉਨ੍ਹਾਂ ਵਿੱਚ ਭਾਰੀ ਗੰਦਦੀ ਜਮ੍ਹਾਂ ਹੋ ਗਈ ਹੈ। ਇਸ ਕਾਰਨ ਇਹ ਲਾਈਨ ਜਾਮ ਹੋ ਗਈ ਹੈ। ਲਾਈਨ ਜਾਮ ਹੋਣ ਕਾਰਨ ਪਾਣੀ ਓਵਰਫਲੋਅ ਹੋ ਕੇ ਮੇਨ ਹੋਲ ਵਿੱਚੋਂ ਬਾਹਰ ਗਲੀਆਂ ਵਿੱਚ ਵਗ ਰਿਹਾ ਹੈ। ਦੂਸ਼ਿਤ ਪਾਣੀ ਗਲੀਆਂ ਵਿੱਚ ਵਗਣ ਕਾਰਨ ਜਿਥੇ ਲੋਕਾਂ ਨੂੰ ਲੰਘਣ ਵੇਲੇ ਭਾਰੀ ਦਿੱਕਤ ਝੱਲਣੀ ਪੈ ਰਹੀ ਹੈ।
ਕੌਂਸਲ ਵੱਲੋਂ ਇਸ ਪਾਸੇ ਧਿਆਨ ਨਾ ਦੇਣ ਕਾਰਨ ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਗਲੀਆਂ ਦੀ ਸਫ਼ਾਈ ਕਰਵਾਈ ਗਈ ਹੈ। ਗੱਲ ਕਰਨ ’ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨਵਨੀਤ ਸਿੰਘ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਛੇਤੀ ਸਫ਼ਾਈ ਕਰਵਾ ਦਿੱਤੀ ਜਾਵੇਗੀ।