ਨਿਜੀ ਪੱਤਰ ਪ੍ਰੇਰਕ
ਜ਼ੀਰਕਪੁਰ, 24 ਅਗਸਤ
ਵਾਰਡ ਨੰਬਰ 30 ਅਧੀਨ ਪੈਂਦੇ ਪਟਿਆਲਾ ਰੋਡ ’ਤੇ ਸਥਿਤ ਏ.ਕੇ.ਐਸ. ਕਲੋਨੀ ਵਿੱਚ ਲੰਘੇ ਕਈਂ ਦਿਨਾਂ ਤੋਂ ਸੀਵਰੇਜ ਲਾਈਨ ਜਾਮ ਹੋਣ ਕਾਰਨ ਦੂਸ਼ਿਤ ਪਾਣੀ ਗਲੀਆਂ ਵਿੱਚ ਵਗ ਰਿਹਾ ਹੈ। ਦੂਸ਼ਿਤ ਪਾਣੀ ਗਲੀਆਂ ਵਿੱਚ ਵਗਣ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਮਜੀਤ ਕੌਰ, ਮਹਿੰਦਰ ਕੌਰ, ਹਰਜੀਤ ਕੌਰ, ਮਲਕੀਤ ਸਿੰਘ, ਸਤੀਸ਼, ਬਲਜੀਤ ਸਿੰਘ ਅਤੇ ਸੁਖਦੇਵ ਸਿੰਘ ਸਣੇ ਹੋਰਨਾਂ ਨੇ ਦੱਸਿਆ ਕਿ ਲੰਘੇ ਇਕ ਮਹੀਨੇ ਤੋਂ ਗਲੀ ਨੰਬਰ ਇਕ ਵਿੱਚ ਸੀਵਰੇਜ ਲਾਈਨ ਜਾਮ ਹੋਈ ਪਈ ਹੈ। ਇਸ ਕਾਰਨ ਸੀਵਰੇਜ ਦੇ ਦੂਸ਼ਿਤ ਪਾਣੀ ਨੂੰ ਨਿਕਾਸੀ ਨਹੀਂ ਮਿਲ ਰਹੀ ਅਤੇ ਦੂਸ਼ਿਤ ਪਾਣੀ ਓਵਰਫਲੋ ਹੋ ਕੇ ਗਲੀਆਂ ਵਿੱਚ ਵਗ ਰਿਹਾ ਹੈ। ਕਲੋਨੀ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਬਿਮਾਰੀਆਂ ਨੂੰ ਰੋਕਣ ਲਈ ਸਿਹਤ ਵਿਭਾਗ ਦੂਸ਼ਿਤ ਪਾਣੀ ਦੇ ਚਾਲਾਨ ਕੱਟ ਰਹੀ ਹੈ। ਦੂਜੇ ਪਾਸੇ ਨਗਰ ਕੌਂਸਲ ਦੀ ਲਾਪ੍ਰਵਾਹੀ ਨਾਲ ਉਨ੍ਹਾਂ ਦੀ ਕਲੋਨੀ ਵਿੱਚ ਥਾਂ ਥਾਂ ਦੂਸ਼ਿਤ ਪਾਣੀ ਖੜ੍ਹਾ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਕਲੋਨੀ ਵਾਸੀਆਂ ਨੇ ਦੱਸਿਆ ਇਥੇ ਲੋਕਾਂ ਦੀ ਸਮਰਥਾਂ ਦੇ ਮੁਤਾਬਕ ਸੀਵਰੇਜ ਲਾਈਨ ਛੋਟੀ ਹੈ ਜਿਸ ਕਾਰਨ ਇਹ ਨਿੱਤ ਦਿਹਾੜੇ ਜਾਮ ਹੋ ਕੇ ਓਵਰਫਲੋ ਹੋ ਜਾਂਦੀ ਹੈ। ਨਗਰ ਕੌਂਸਲ ਦੇ ਜੇ.ਈ. ਕੁਲਵੰਤ ਸਿੰਘ ਨੇ ਦੱਸਿਆ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਛੇਤੀ ਕਲੋਨੀ ਵਿੱਚ ਸੀਵਰੇਜ ਸਫ਼ਾਈ ਵਾਲੀ ਮਸ਼ੀਨ ਭੇਜ ਕੇ ਜਾਮ ਲਾਈਨ ਨੂੰ ਖੁੱਲ੍ਹਵਾ ਦਿੱਤਾ ਜਾਏਗਾ।