ਪੱਤਰ ਪ੍ਰੇਰਕ
ਕੁਰਾਲੀ, 10 ਜਨਵਰੀ
ਨੇੜਲੇ ਪਿੰਡ ਨਿਹੋਲਕਾ ਦਾ ਨਿਕਾਸੀ ਪਾਣੀ ਰੋਕਣ ਕਾਰਨ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਪਿੰਡ ਵਾਸੀਆਂ ਨੇ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਹੈ। ਗਲੀਆਂ ਵਿੱਚ ਭਰਿਆ ਛੱਪੜ ਦਾ ਦੂਸ਼ਿਤ ਪਾਣੀ ਦਿਖਾਉਂਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਨਿਕਾਸੀ ਦੀ ਸਮੱਸਿਆ ਲੰਮੇ ਸਮੇਂ ਤੋਂ ਚਲੀ ਆ ਰਹੀ ਹੈ ਪਰ ਪਿੰਡ ਦੇ ਹੀ ਦੋ ਪਰਿਵਾਰਾਂ ਵੱਲੋਂ ਪਾਣੀ ਦੇ ਕੁਦਰਤੀ ਵਹਾਅ ਨੂੰ ਦੀਵਾਰ ਕਰਕੇ ਰੋਕ ਦਿੱਤਾ ਗਿਆ ਜਿਸ ਤੋਂ ਬਾਅਦ ਸਰਕਾਰ ਤੇ ਪ੍ਰਸ਼ਾਸਨ ਨੇ ਨਿਕਾਸੀ ਦੇ ਬਦਲਵੇਂ ਪ੍ਰਬੰਧ ਨਹੀਂ ਕੀਤੇ। ਇਸ ਕਾਰਨ ਪਿੰਡ ਦਾ ਇੱਕੋ-ਇੱਕ ਛੱਪੜ ਭਰਨ ਕਾਰਨ ਦੂਸ਼ਿਤ ਪਾਣੀ ਪਿੰਡ ਦੀਆਂ ਗਲ਼ੀਆਂ ਅਤੇ ਫਿਰ ਕਈ ਘਰਾਂ ਵਿੱਚ ਦਾਖਲ ਹੋ ਜਾਂਦਾ ਹੈ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਇਹ ਸਮੱਸਿਆ ਬਹੁਤ ਹੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਸਾਰੇ ਪਿੰਡ ਦਾ ਪਾਣੀ ਇੱਕ ਹੀ ਛੱਪੜ ਵਿੱਚ ਆ ਰਿਹਾ ਹੈ ਅਤੇ ਉਸ ਛੱਪੜ ਦੀ ਨਿਕਾਸੀ ਵੀ ਰੋਕ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਅਨੇਕਾਂ ਵਾਰ ਹਲਕੇ ਦੇ ਆਗੂਆਂ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਅਪੀਲ ਕਰ ਚੁੱਕੇ ਹਨ ਪਰ ਪ੍ਰਸ਼ਾਸ਼ਨ ਨੇ ਕੋਈ ਕਾਰਵਾਈ ਨਹੀਂ ਕੀਤੀ।
ਬਲਵਿੰਦਰ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਗਲ਼ੀਆਂ ਵਿੱਚ ਪਾਣੀ ਭਰਨ ਕਾਰਨ ਕਈ ਘਰਾਂ ਦੀ ਇਮਾਰਤਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਦੀਵਾਰਾਂ ਨੂੰ ਤਰੇੜਾ ਆ ਰਹੀਆਂ ਹਨ ਅਤੇ ਇੱਕ ਘਰ ਤਾਂ ਡਿੱਗਣ ਕਿਨਾਰੇ ਪੁੱਜ ਚੁੱਕਾ ਹੈ। ਇਸ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਾਜਰੀ ਜਸਪ੍ਰੀਤ ਕੌਰ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਪਿੰਡ ਦੀ ਇੱਕ ਧਿਰ ਵਲੋਂ ਅਦਾਲਤ ਵਿੱਚ ਲਿਜਾਇਆ ਗਿਆ ਹੈ ਜਿਸ ਕਾਰਨ ਨਿਕਾਸੀ ਪਾਈਪ ਪਾਉਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ।