ਕਰਮਜੀਤ ਸਿੰਘ ਚਿੱਲਾ
ਬਨੂੜ, 27 ਅਗਸਤ
ਇੱਥੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ਉੱਤੇ ਬਣੇ ਹੋਏ ਗੁਦਾਮਾਂ ਦੇ ਬਾਹਰ ਖੜ੍ਹੇ ਕੰਟੇਨਰ ਦੇ 25 ਸਾਲਾਂ ਦੇ ਡਰਾਈਵਰ ਨੇ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਰਜਨੀਸ਼ ਵਾਸੀ ਬਦਾਯੂੰ (ਯੂਪੀ) ਵਜੋਂ ਹੋਈ ਹੈ।
ਥਾਣਾ ਬਨੂੜ ਦੇ ਏਐੱਸਆਈ ਅਤੇ ਜਾਂਚ ਅਧਿਕਾਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਕੰਟੇਨਰ ਦਾ ਡਰਾਈਵਰ ਇੱਥੇ ਗੁਦਾਮ ਵਿੱਚੋਂ ਮਾਲ ਭਰਨ ਆਇਆ ਸੀ। ਉਨ੍ਹਾਂ ਕਿਹਾ ਕਿ ਡਰਾਈਵਰ ਨੇ ਆਪਣੇ ਗਲ ਵਿੱਚ ਰੱਸੀ ਪਾਕੇ ਗੱਡੀ ਨਾਲ ਲਟਕ ਕੇ ਬੀਤੀ ਰਾਤ ਖੁਦਕੁਸ਼ੀ ਕਰ ਲਈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਸੱਤ ਵਜੇ ਦੇ ਕਰੀਬ ਹੋਰਨਾਂ ਡਰਾਈਵਰਾਂ ਨੇ ਕੰਟੇਨਰ ਨਾਲ ਲਾਸ਼ ਲਟਕਦੀ ਵੇਖ ਕੇ ਪੁਲੀਸ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈਣ ਉਪਰੰਤ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੌਤ ਦੇ ਕਾਰਨਾਂ ਦਾ ਹਾਲੇ ਕੋਈ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਰਜਨੀਸ਼ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਆਉਣ ਮਗਰੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਨੌਜਵਾਨ ਨੂੰ ਸੂਆ ਮਾਰਿਆ; ਹਾਲਤ ਗੰਭੀਰ
ਲਾਲੜੂ (ਸਰਬਜੀਤ ਸਿੰਘ ਭੱਟੀ): ਨਜ਼ਦੀਕੀ ਪਿੰਡ ਝਰਮੜੀ ਵਿੱਚ ਪੁਰਾਣੀ ਰੰਜਿਸ਼ਬਾਜ਼ੀ ਕਾਰਨ ਇਕ ਡਰਾਈਵਰ ਨੇ 24 ਸਾਲਾਂ ਦੇ ਨੌਜਵਾਨ ’ਤੇ ਬਰਫ ਤੋੜਨ ਵਾਲੇ ਸੂਏ ਨਾਲ ਕਥਿਤ ਤੌਰ ’ਤੇ ਹਮਲਾ ਕਰ ਕੇ ਊਸ ਨੂੰ ਜ਼ਖ਼ਮੀ ਕਰ ਦਿੱਤਾ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਏ.ਐੱਸ.ਆਈ ਗੌਰਵ ਸ਼ਰਮਾ ਨੇ ਦੱਸਿਆ ਕਿ ਪਿੰਡ ਝਰਮੜੀ ਵਿੱਚ ਵਿਸ਼ਾਲ ਪੁੱਤਰ ਬਲਜਿੰਦਰ ਸਿੰਘ ਉੱਤੇ ਰੰਜਿਸਬਾਜ਼ੀ ਕਾਰਨ ਰਮੇਸ਼ ਉਰਫ ਕਾਕਾ ਵਾਸੀ ਝਰਮੜੀ, ਜੋ ਡਰਾਈਵਰੀ ਕਰਦਾ ਹੈ, ਨੇ ਕਥਿਤ ਤੌਰ ’ਤੇ ਸੂਏ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਵਿਸ਼ਾਲ ਦੀ ਛਾਤੀ ਤੇ ਵੱਖੀ ਵਿੱਚ ਗੰਭੀਰ ਜ਼ਖ਼ਮ ਹੋ ਗਏ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਸੈਕਟਰ-32 ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ ਰਮੇਸ਼ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜ਼ਖ਼ਮੀ ਨੌਜਵਾਨ ਪ੍ਰਾਈਵੇਟ ਕੰਪਨੀ ਵਿੱਚ ਅਪਰੇਟਰ ਵਜੋਂ ਨੌਕਰੀ ਕਰਦਾ ਹੈ।