ਕੁਲਦੀਪ ਸਿੰਘ
ਚੰਡੀਗੜ੍ਹ, 31 ਦਸੰਬਰ
ਇਥੋਂ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਸਲਾਹਕਾਰ ਧਰਮਪਾਲ ਵੱਲੋਂ ਅੱਜ ਸ਼ਹਿਰ ਵਿਚਲੇ ਕੋਵਿਡ ਕੇਅਰ ਸੈਂਟਰਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨੇ ਕਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਤੋਂ ਬਚਾਅ ਲਈ ਅਗਾਊਂ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਡਾਕਟਰਾਂ ਨੂੰ ਹਰ ਸਥਿਤੀ ਨਾਲ ਨਿਪਟਣ ਲਈ ਤਿਆਰ ਰਹਿਣ ਲਈ ਪ੍ਰੇਰਿਆ।
ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਨੂੰ ਨਾਲ ਕੇ ਸਲਾਹਕਾਰ ਨੇ ਸੈਕਟਰ 23 ਸਥਿਤ ਬਾਲ ਭਵਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ‘ਤੇਰਾ ਹੀ ਤੇਰਾ’ ਵੱਲੋਂ ਚਲਾਏ ਜਾ ਰਹੇ ਸੈਂਟਰ, ਸੈਕਟਰ-24 ਸਥਿਤ ਇੰਦਰਾ ਹੌਲੀਡੇਅ ਹੋਮ ਵਿੱਚ ਕੰਪੀਟੈਂਟ ਫਾਊਂਡੇਸ਼ਨ ਅਤੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਚਲਾਏ ਜਾ ਰਹੇ ਸੈਂਟਰ ਵਿੱਚ ਸਟਾਫ਼ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਦੀ ਟੀਮ ਵਿੱਚ ਸਿਹਤ ਵਿਭਾਗ ਦੇ ਸਕੱਤਰ ਯਸ਼ਪਾਲ ਗਰਗ, ਡਾਇਰੈਕਟਰ (ਸਿਹਤ ਸੇਵਾਵਾਂ) ਡਾ. ਸੁਮਨ ਸਿੰਘ, ਮੈਡੀਕਲ ਸੁਪਰਡੈਂਟ ਡਾ. ਵੀ.ਕੇ. ਨਾਗਪਾਲ ਆਦਿ ਸ਼ਾਮਲ ਸਨ।
ਸਲਾਹਕਾਰ ਨੇ ਪ੍ਰਬੰਧਕਾਂ ਅਤੇ ਸਟਾਫ਼ ਨੂੰ ਕਿਹਾ ਕਿ ਕੋਵਿਡ ਸੈਂਟਰਾਂ ਵਿੱਚ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਜੀ.ਐੱਮ.ਐੱਸ.ਐੱਚ.-16 ਵਿਚਲੇ ਵੈਕਸੀਨੇਸ਼ਨ ਸੈਂਟਰ ਦਾ ਦੌਰਾ ਵੀ ਕੀਤਾ ਜਿੱਥੇ 3 ਜਨਵਰੀ ਤੋਂ ਬੱਚਿਆਂ ਲਈ ਵੈਕਸੀਨੇਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਡਾਕਟਰਾਂ ਨੂੰ ਕਿਹਾ ਕਿ ਟੀਕਾਕਰਨ ਟੀਮਾਂ ਦੀ ਗਿਣਤੀ ਵਧਣ ਉਪਰੰਤ ਕੋਵਿਡ ਤੋਂ ਬਚਾਅ ਦੇ ਨਿਯਮਾਂ ਦਾ ਖਾਸ ਖਿਆਲ ਰੱਖਿਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਹਸਪਤਾਲ ਵਿੱਚ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ.) ਦਾ ਨਿਰੀਖਣ ਵੀ ਕੀਤਾ ਅਤੇ ਡਾਕਟਰਾਂ ਨੂੰ ਕਿਹਾ ਕਿ ਵੈਂਟੀਲੇਟਰਾਂ ਨੂੰ ਚਾਲੂ ਹਾਲਤ ਵਿੱਚ ਰੱਖਣਾ ਯਕੀਨੀ ਬਣਾਇਆ ਜਾਵੇ।
ਅੰਬਾਲਾ ਇਲਾਕੇ ਵਿੱਚ ਕਰੋਨਾ ਦੇ 30 ਨਵੇਂ ਕੇਸ
ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਵਿੱਚ ਅੱਜ 6 ਮਹੀਨਿਆਂ ਬਾਅਦ ਕਰੋਨਾ ਦੇ ਰਿਕਾਰਡ 30 ਮਾਮਲੇ ਸਾਹਮਣੇ ਆਉਣ ਨਾਲ ਜ਼ਿਲ੍ਹੇ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 80 ਤੱਕ ਪਹੁੰਚ ਗਈ ਹੈ। ਅੱਜ ਸਭ ਤੋਂ ਵੱਧ 19 ਮਾਮਲੇ ਅੰਬਾਲਾ ਕੈਂਟ ਤੋਂ ਸਾਹਮਣੇ ਆਏ ਜਿਨ੍ਹਾਂ ਵਿੱਚ ਦੋ ਪਰਿਵਾਰਾਂ ਦੇ ਲੋਕ ਸ਼ਾਮਲ ਹਨ। ਇਸ ਤੋਂ ਇਲਾਵਾ 4 ਮਰੀਜ਼ ਅੰਬਾਲਾ ਸ਼ਹਿਰ ਤੋਂ, 4 ਮੁਲਾਣਾ ਤੋਂ, 2 ਸ਼ਾਹਜ਼ਾਦਪੁਰ ਤੋਂ ਅਤੇ ਇਕ ਮਰੀਜ਼ ਚੌੜਮਸਤਪੁਰ ਤੋਂ ਸਾਹਮਣੇ ਆਇਆ ਹੈ।