ਪੱਤਰ ਪ੍ਰੇਰਕ
ਕੁਰਾਲੀ, 11 ਜੁਲਾਈ
ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਦੀਪ ਰੂੜਾ ਦੀ ਤਾਜਪੋਸ਼ੀ ਸਬੰਧੀ ਇੱਥੇ ਹੋਏ ਸਮਾਗਮ ਵਿੱਚ ਸ਼ਹਿਰ ਦੇ ਕਾਂਗਰਸੀਆਂ ਨੇ ਆਪਣੀ ਹੀ ਪਾਰਟੀ ਦੇ ਸੂਬਾਈ ਆਗੂਆਂ ਖ਼ਿਲਾਫ਼ ਭੜਾਸ ਕੱਢੀ। ਬੁਲਾਰਿਆਂ ਨੇ ਮੁੜ ਸਰਕਾਰ ਬਣਾਉਣ ਲਈ ਪਾਰਟੀ ਹਾਈਕਮਾਂਡ ਤੋਂ ਵੱਡੀਆਂ ਤਬਦੀਲੀਆਂ ਦੀ ਮੰਗ ਕੀਤੀ। ਸਮਾਗਮ ਵਿੱਚ ਕਾਂਗਰਸ ਸੇਵਾ ਦਲ ਪੰਜਾਬ ਦੇ ਪ੍ਰਧਾਨ ਨਿਰਮਲ ਸਿੰਘ ਕੈੜਾ, ਸੇਵਾ ਦਲ ਪੰਜਾਬ ਦੇ ਇੰਚਾਰਜ ਬਲਵਿੰਦਰ ਸਿੰਘ ਸੰਦਿਆਲ ਅਤੇ ਮਾਝਾ ਤੇ ਦੋਆਬਾ ਜ਼ੋਨ ਦੇ ਇੰਚਾਰਜ ਸੁਭਾਸ਼ ਭਾਰਗਵ ਨੇ ਸ਼ਿਰਕਤ ਕੀਤੀ।
ਸਮਾਗਮ ਦੌਰਾਨ ਸੇਵਾ ਦਲ ਦੀ ਜ਼ਿਲ੍ਹਾ ਮੁਹਾਲੀ ਇਕਾਈ ਦੇ ਨਵੇਂ ਪ੍ਰਧਾਨ ਪਰਦੀਪ ਰੂੜਾ ਦੀ ਤਾਜਪੋਸ਼ੀ ਕੀਤੀ ਗਈ। ਆਗੂਆਂ ਨੇ ਪਾਰਟੀ ਦੀ ਮਜ਼ਬੂਤੀ ਲਈ ਸ੍ਰੀ ਰੂੜਾ ਨੂੰ ਯਤਨ ਕਰਨ ਦੀ ਅਪੀਲ ਕੀਤੀ। ਸ੍ਰੀ ਰੂੜਾ ਨੇ ਕਿਹਾ ਕਿ ਉਹ ਪਾਰਟੀ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਤਤਪਰ ਰਹਿਣਗੇ।
ਇਸ ਦੌਰਾਨ ਪੰਜਾਬ ਕਾਂਗਰਸ ਦੇ ਸਕੱਤਰ ਰਾਕੇਸ਼ ਕਾਲੀਆ ਨੇ ਪਾਰਟੀ ਵਰਕਰਾਂ ਨੂੰ ਅਣਦੇਖਿਆ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸ਼ਹਿਰ ਦੇ ਟਕਸਾਲੀ ਕਾਂਗਰਸੀਆਂ ਦੇ ਵਫ਼ਦ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ। ਰਾਣਾ ਜਸਵੀਰ ਸਿੰਘ ਰਾਠੌਰ ਨੇ ਵਿੱਤ ਮੰਤਰੀ ਦੀਆਂ ਨੀਤੀਆਂ ’ਤੇ ਚੋਟ ਕਰਦਿਆਂ ਕਿਹਾ ਕਿ ਵਿੱਤ ਮੰਤਰੀ ਦੇ ਰਵੱਈਏ ਕਾਰਨ ਪੰਜਾਬ ਵਿੱਚ ਅਗਲੀ ਸਰਕਾਰ ਕਾਂਗਰਸ ਤੋਂ ਕੋਹਾਂ ਦੂਰ ਹੈ। ਦਿਨੇਸ਼ ਗੌਤਮ ਨੇ ਮੁੱਖ ਮੰਤਰੀ ਦਾ ਚਿਹਰਾ ਬਦਲਣ ਦੀ ਗੱਲ ਆਖੀ। ਜਸਵਿੰਦਰ ਸਿੰਘ ਗੋਲਡੀ ਨੇ ਜਨ- ਆਧਾਰ ਰੱਖਣ ਵਾਲੇ ਆਗੂਆਂ ਨੂੰ ਅਣਦੇਖਿਆਂ ਕਰ ਕੇ ਹੇਠਲੇ ਪੱਧਰ ’ਤੇ ਧੜੇਬੰਦੀ ਲਈ ਆਗੂਆਂ ਨੂੰ ਜ਼ਿੰਮੇਵਾਰ ਦੱਸਿਆ।
ਇਸੇ ਦੌਰਾਨ ਕੌਂਸਲਰ ਬਹਾਦਰ ਸਿੰਘ ਨੇ 2022 ਵਿੱਚ ਵੀ ਕਾਂਗਰਸ ਦੀ ਸਰਕਾਰ ਬਣਨ ਦਾ ਦਾਅਵਾ ਕਰਦਿਆਂ ਪਾਰਟੀ ਲਈ ਸਭਨਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਪੰਜਾਬ ਗਊ ਰੱਖਿਆ ਕਮਿਸ਼ਨ ਦੇ ਵਾਈਸ ਚੇਅਰਮੈਨ ਕਮਲਜੀਤ ਚਾਵਲਾ ਨੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਅਤੇ ਹਾਈਕਮਾਂਡ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ। ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਸ਼ਹਿਰ ਦੇ ਕਾਂਗਰਸੀਆਂ ਵਿੱਚ ਧੜੇਬੰਦੀ ਖਤਮ ਹੋਣ ਦਾ ਦਾਅਵਾ ਕੀਤਾ।
ਸਥਾਨਕ ਆਗੂਆਂ ਨੂੰ ਇਕਜੁੱਟ ਰਹਿਣ ਦੀ ਅਪੀਲ
ਸੇਵਾ ਦਲ ਦੇ ਆਗੂ ਨਿਰਮਲ ਸਿੰਘ ਕੈੜਾ, ਬਲਵਿੰਦਰ ਸਿੰਘ ਸੰਦਿਆਲ ਅਤੇ ਸੁਭਾਸ਼ ਭਾਰਗਵ ਨੇ ਸਥਾਨਕ ਕਾਂਗਰਸੀਆਂ ਵੱਲੋਂ ਚੁੱਕੇ ਨੁਕਤੇ ਹਾਈਕਮਾਂਡ ਤੱਕ ਪਹੁੰਚਾਉਣ ਦਾ ਵਾਅਦਾ ਕਰਦਿਆਂ ਸਭਨਾਂ ਨੂੰ ਪਾਰਟੀ ਦੀ ਇਕਜੁੱਟਤਾ ਲਈ ਅੱਗੇ ਆਉਣ ਦੀ ਅਪੀਲ ਕੀਤੀ। ਆਗੂਆਂ ਨੇ ਦਾਅਵਾ ਕੀਤਾ ਕਿ ਅਗਲੀ ਸਰਕਾਰ ਕਾਂਗਰਸ ਦੀ ਹੀ ਹੋਵੇਗੀ। ਇਸ ਮੌਕੇ ਡਾ. ਅਸ਼ਵਨੀ ਸ਼ਰਮਾ, ਸਿਟੀ ਮਹਿਲਾ ਕਾਂਗਰਸ ਦੀ ਪ੍ਰਧਾਨ ਜਗਦੀਪ ਕੌਰ ਹਾਜ਼ਰ ਸਨ।