ਕਾਂਗਰਸ ਨੇ ਧਨਾਸ ਤੋਂ ਕੱਢੀ ‘ਭਾਰਤ ਜੋੜੋ ਯਾਤਰਾ’ : The Tribune India

ਕਾਂਗਰਸ ਨੇ ਧਨਾਸ ਤੋਂ ਕੱਢੀ ‘ਭਾਰਤ ਜੋੜੋ ਯਾਤਰਾ’

ਕਾਂਗਰਸ ਨੇ ਧਨਾਸ ਤੋਂ ਕੱਢੀ ‘ਭਾਰਤ ਜੋੜੋ ਯਾਤਰਾ’

‘ਭਾਰਤ ਜੋੜੋ ਯਾਤਰਾ’ ਵਿੱਚ ਹਿੱਸਾ ਲੈਂਦੇ ਹੋਏ ਪਵਨ ਕੁਮਾਰ ਬਾਂਸਲ ਤੇ ਹੋਰ ਕਾਂਗਰਸ ਆਗੂ।

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 4 ਦਸੰਬਰ

ਚੰਡੀਗੜ੍ਹ ਕਾਂਗਰਸ ਵੱਲੋਂ ਸਿਟੀ ਬਿਊਟੀਫੁੱਲ ਵਿੱਚ ਸ਼ੁਰੂ ਕੀਤੀ ਗਈ ‘ਭਾਰਤ ਜੋੜੋ ਯਾਤਰਾ’ ਸੱਤਵੇਂ ਦਿਨ ਧਨਾਸ ਵਿੱਚ ਕੱਢੀ ਗਈ। ਅੱਜ ਚੰਡੀਗੜ੍ਹ ਵਿੱਚ ‘ਭਾਰਤ ਜੋੜੋ ਯਾਤਰਾ’ ਦੀ ਅਗਵਾਈ ਕਾਂਗਰਸ ਪਾਰਟੀ ਦੇ ਕੌਮੀ ਖਜ਼ਾਨਚੀ ਪਵਨ ਕੁਮਾਰ ਬਾਂਸਲ ਅਤੇ ਕਾਂਗਰਸ ਪ੍ਰਧਾਨ ਐੱਚਐੱਸ ਲੱਕੀ ਨੇ ਕੀਤੀ। ਇਹ ਯਾਤਰਾ ਧਨਾਸ ਤੋਂ ਸ਼ੁਰੂ ਹੋ ਕੇ ਅੰਬੇਡਕਰ ਕਲੋਨੀ, ਚਮਨ ਕਲੋਨੀ, ਹਾਊਸਿੰਗ ਬੋਰਡ ਕਲੋਨੀ, ਮਿਲਕ ਕਲੋਨੀ ਵਿੱਚੋਂ ਕੱਢੀ ਗਈ। ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ‘ਭਾਰਤ ਜੋੜੋ ਯਾਤਰਾ’ ਦਾ ਮੁੱਖ ਸਕਸਦ ਵੱਖ-ਵੱਖ ਧਰਮ, ਜਾਤੀਆਂ ਅਤੇ ਖੇਤਰਾਂ ਦੇ ਲੋਕਾਂ ਨੂੰ ਇਕ-ਜੁੱਟ ਕਰਨਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਕਾਬਜ ਭਾਜਪਾ ਸਰਕਾਰ ਵੱਲੋਂ ਲੋਕਾਂ ਵਿੱਚ ਫੁੱਟ ਪਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਕਾਂਗਰਸ ਪਾਰਟੀ ਅਜਿਹਾ ਨਹੀਂ ਹੋਣ ਦੇਵੇਗੀ। ਸ੍ਰੀ ਬਾਂਸਲ ਨੇ ਕਿਹਾ ਕਿ ਦੇਸ਼ ਵਿੱਚ ਬੇਰੁਜ਼ਗਾਰੀ ਵੱਧ ਰਹੀ ਹੈ, ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਇਸ ਦੇ ਬਾਵਜੂਦ ਭਾਜਪਾ ਲੋਕ ਹਿੱਤ ਵਿੱਚ ਫ਼ੈਸਲੇ ਲੈਣ ਦੀ ਥਾਂ ਲੋਕ ਵਿਰੋਧੀ ਨੀਤੀਆਂ ਅਖਤਿਆਰ ਕਰ ਰਹੀ ਹੈ।ਚੰਡੀਗੜ੍ਹ ਕਾਂਗਰਸ ਪ੍ਰਧਾਨ ਐੱਚਐੱਸ ਲੱਕੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਵਿਰੋਧੀ ਫ਼ੈਸਲੇ ਲੈਣ ਵਾਲੀ ਭਾਜਪਾ ਦੇ ਖ਼ਿਲਾਫ਼ ਸੰਘਰਸ਼ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ‘ਆਇਡੀਆ ਆਫ ਇੰਡੀਆ’ ਅਤੇ ‘ਅਨੇਕਤਾ ’ਚ ਏਕਤਾ’ ਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸ੍ਰੀ ਲੱਕੀ ਨੇ ਕਿਹਾ ਕਿ ਭਾਜਪਾ ਦੇਸ਼ ਵਿੱਚ ਵੰਡ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਾਂਗਰਸ ਸਾਰਿਆਂ ਨੂੰ ਜੋੜ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All