ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਮਾਰਚ
ਦੇਸ਼ ਵਿੱਚ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਵਿਰੋਧ ਵਿੱਚ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਦੀ ਅਗਵਾਈ ਹੇਠ ਅੱਜ ਸੈਕਟਰ-19 ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਈ ਕਾਂਗਰਸੀ ਵਰਕਰਾਂ ਨੇ ਖਾਲੀ ਗੈਸ ਸਿਲੰਡਰ ਸਿਰਾਂ ’ਤੇ ਚੁੱਕੇ ਹੋਏ ਸਨ। ਪਾਰਟੀ ਵਰਕਰਾਂ ਨੇ ਥਾਲੀਆਂ ਖੜਕਾ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸ੍ਰੀ ਚਾਵਲਾ ਨੇ ਕਿਹਾ ਕਿ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਵਧੀਆਂ ਕੀਮਤਾਂ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਲਿਆ ਕੇ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਦਾ ਹਰ ਵਰਗ ’ਤੇ ਮਾੜਾ ਅਸਰ ਪਏਗਾ। ਇਸੇ ਦੌਰਾਨ ਪਵਨ ਸ਼ਰਮਾ ਨੇ ਕਿਹਾ ਭਾਜਪਾ ਸਰਕਾਰ ਪੂੰਜੀਪਤੀਆਂ ਦੀ ਸਰਕਾਰ ਬਣ ਗਈ ਹੈ। ਇਸੇ ਤਰ੍ਹਾਂ ਕਾਂਗਰਸ ਦੇ ਬੁਲਾਰੇ ਹਰਮੇਲ ਕੇਸਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਨੋਟਬੰਦੀ ਕਰਕੇ ਲੋਕਾਂ ਦੀਆਂ ਮੁਸ਼ਕਲਾ ਵਧਾ ਦਿੱਤੀਆਂ ਸਨ ਤੇ ਉਸ ਤੋਂ ਬਾਅਦ ਜੀਐੱਸਟੀ ਲਗਾ ਕੇ ਸੂਬੇ ਸਰਕਾਰ ਨੂੰ ਇਕੱਠੇ ਹੋਣ ਵਾਲੇ ਟੈਕਸਾਂ ’ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਦੇਸ਼ ਵਾਸੀਆਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਤੇ ਖੇਤੀ ਕਾਨੂੰਨ ਵਾਪਸ ਲੈਣ ’ਤੇ ਜ਼ੋਰ ਦਿੱਤਾ।
ਇਸ ਮੌਕੇ ਕਮਲੇਸ਼ ਬਨਾਰਸੀ ਦਾਸ, ਜਗਜੀਤ ਸਿੰਘ, ਚਮਨ ਲਾਲ ਸ਼ਰਮਾ, ਸ਼ਸ਼ੀ ਸ਼ੰਕਰ ਤਿਵਾੜੀ, ਨਰਿੰਦਰ ਸਿੰਘ ਰਿੰਕੂ, ਆਰਐੱਲ ਗੋਇਲ, ਮੀਨਾਕਸ਼ੀ ਚੌਧਰੀ ਤੇ ਦੀਪਾ ਦੂਬੇ ਸਣੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰਜ਼ ਹਾਜ਼ਰ ਸਨ।
ਚੰਡੀਗੜ੍ਹ ਨੂੰ ਵਿਨਾਸ਼ ਵੱਲ ਲਿਜਾ ਰਹੀ ਹੈ ਭਾਜਪਾ: ਹਰਮੇਲ ਕੇਸਰੀ
ਕਾਂਗਰਸ ਦੇ ਬੁਲਾਰੇ ਹਰਮੇਲ ਕੇਸਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਨੂੰ ਵਿਨਾਸ਼ ਵੱਲ ਲਿਜਾ ਰਹੀ ਹੈ। ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਲ ਖੇਰ ਲੋਕ ਸਭਾ ਚੋਣਾਂ ਮਗਰੋਂ ਗਾਇਬ ਹੀ ਹੋ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਿਰਨ ਖੇਰ ਕਰੋਨਾ ਮਹਾਮਾਰੀ ਦੌਰਾਨ ਵੀ ਦਿਖਾਈ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀਆਂ ਸੜਕਾਂ ਤੇ ਸਾਈਕਲ ਟਰੈਕਾਂ ਦੀ ਹਾਲਤ ਮਾੜੀ ਹੈ ਤੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਤੇਲ ਦੀਆਂ ਕੀਮਤਾਂ ਘਟਾਏ ਤੇ ਚੰਡੀਗੜ੍ਹ ਦੇ ਵਿਕਾਸ ਕਾਰਜਾਂ ਵੱਲ ਧਿਆਨ ਦੇਵੇ।