ਆਤਿਸ਼ ਗੁਪਤਾ
ਚੰਡੀਗੜ੍ਹ, 20 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਵੱਲੋਂ ਹਾਲ ਹੀ ਵਿੱਚ ਪਾਣੀ ਦੀਆਂ ਦਰਾਂ ਵਿੱਚ ਕੀਤੇ ਵਾਧੇ ਖ਼ਿਲਾਫ਼ ਚੰਡੀਗੜ੍ਹ ਕਾਂਗਰਸ ਵੱਲੋਂ ਅੱਜ ਸੈਕਟਰ-17 ਵਿੱਚ ਨਗਰ ਨਿਗਮ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ, ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ, ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਤੇ ਵਰਰਕਾਂ ਨੇ ਰੋਸ ਮੁਜ਼ਾਹਰੇ ਵਿੱਚ ਸ਼ਮੂਲੀਅਤ ਕੀਤੀ। ਕਾਂਗਰਸੀ ਆਗੂਆਂ ਨੇ ਸੰਸਦ ਮੈਂਬਰ ਕਿਰਨ ਖੇਰ, ਮੇਅਰ ਰਾਜ ਬਾਲਾ ਮਲਿਕ, ਭਾਜਪਾ ਕੌਂਸਲਰਾਂ, ਨਗਰ ਨਿਗਮ ਅਤੇ ਯੂਟੀ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਾਂਗਰਸੀ ਆਗੂਆਂ ਅਤੇ ਪੁਲੀਸ ਵਿਚਕਾਰ ਤਣਾਅ ਦਾ ਮਾਹੌਲ ਬਣਿਆ ਰਿਹਾ।
ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਪਾਣੀ ਦੀਆਂ ਦਰਾਂ ਵਿੱਚ ਕੀਤਾ ਵਾਧਾ ਚੰਡੀਗੜ੍ਹ ਵਾਸੀਆਂ ਦੇ ਖ਼ਿਲਾਫ਼ ਹੈ ਤੇ ਕਾਂਗਰਸ ਪਾਰਟੀ ਇਸ ਦਾ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਮਾੜੀ ਵਿੱਤੀ ਹਾਲਤ ਲਈ ਭਾਜਪਾ ਜ਼ਿੰਮੇਵਾਰ ਹੈ ਜੋ ਕਿ ਸਹੀ ਫ਼ੈਸਲੇ ਨਹੀਂ ਲੈ ਰਹੀ ਹੈ। ਸ੍ਰੀ ਬਾਂਸਲ ਨੇ ਕਿਹਾ ਕਿ ਜੇਕਰ ਭਾਜਪਾ ਲੋਕ ਵਿਰੋਧੀ ਫ਼ੈਸਲੇ ਲਵੇਗੀ ਤਾਂ ਕਾਂਗਰਸ ਵੱਲੋਂ ਭਾਜਪਾ ਦੀ ਨੀਤੀਆਂ ਦਾ ਹਰ ਪੱਧਰ ’ਤੇ ਵਿਰੋਧ ਕੀਤਾ ਜਾਵੇਗਾ।
ਇਸੇ ਦੌਰਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਵੱਲੋਂ ਪਹਿਲਾਂ ਹੀ ਨਵੇਂ ਟੈਕਸ ਲਗਾਏ ਗਏ ਹਨ। ਉਸ ਤੋਂ ਬਾਅਦ ਪਾਣੀ ਦੀਆਂ ਦਰਾਂ ਵਿੱਚ ਕੀਤਾ ਗਿਆ ਤਿੰਨ ਗੁਣਾ ਵਾਧਾ ਚੰਡੀਗੜ੍ਹ ਵਾਸੀਆਂ ਨਾਲ ਆਰਥਿਕ ਤੌਰ ’ਤੇ ਧੱਕਾ ਹੈ। ਸ੍ਰੀ ਛਾਬੜਾ ਨੇ ਕਿਹਾ ਕਾਂਗਰਸ ਵੱਲੋਂ ਪਾਣੀ ਦੀਆਂ ਦਰਾਂ ਦੇ ਖ਼ਿਲਾਫ਼ ਸੜਕਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਗਏ ਹਨ ਅਤੇ ਨਿਗਮ ਹਾਊਸ ਵਿੱਚ ਵਿਰੋਧ ਵੀ ਦਰਜ ਕਰਵਾਇਆ ਹੈ। ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਜਲ ਸਪਲਾਈ ਦੀਆਂ ਵਧਾਈਆਂ ਗਈਆਂ ਦਰਾਂ ਨੂੰ ਵਾਪਸ ਲਿਆ ਜਾਵੇ। ਊਨ੍ਹਾਂ ਕਿਹਾ ਕਿ ਜਦੋਂ ਤੱਕ ਨਿਗਮ ਇਸ ਫ਼ੈਸਲੇ ਨੂੰ ਵਾਪਸ ਨਹੀਂ ਲਵੇਗਾ, ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨ ਜਾਰੀ ਰਹੇਗਾ।
ਇਸ ਮੌਕੇ ਪਵਨ ਸ਼ਰਮਾ, ਹਰਫੂਲ ਕਲਿਆਣ, ਦਵਿੰਦਰ ਸਿੰਘ ਬਬਲਾ, ਸਤੀਸ਼ ਕੈਂਥ, ਗੁਰਬਖਸ਼ ਰਾਵਤ, ਰੁਪਿੰਦਰ ਗੁਜਰਾਲ, ਹਰਮੋਹਿੰਦਰ ਸਿੰਘ, ਸੰਦੀਪ ਭਾਰਦਵਾਜ, ਹਰਮੇਲ ਕੇਸਰੀ, ਵਰਿੰਦਰ ਰਾਵਤ ਸਣੇ ਕਈ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।